‘ਦ ਖ਼ਾਲਸ ਬਿਊਰੋ:- NDA ਨਾਲੋਂ ਗਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੋਪੜ ਵਿੱਚ ਅਕਾਲੀ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ। ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਦੀਵਾਨ ਹਾਲ ਵਿੱਚ ਸਾਰੇ ਅਕਾਲੀ ਵਰਕਰ ਇਕੱਠੇ ਹੋਏ ਸਨ। ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਗਰੀਬਾਂ ਅਤੇ ਮਜ਼ਦੂਰਾਂ ਦੀ ਪਾਰਟੀ ਹੈ।
ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 1 ਅਕਤੂਬਰ ਨੂੰ ਇੰਨਾ ਜ਼ਿਆਦਾ ਇਕੱਠ ਕਰ ਦਿਉ ਕਿ ਦਿੱਲੀ ਦਾ ਤਖ਼ਤ ਤੱਕ ਹਿੱਲ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਸਾਰੇ ਲੀਡਰ, ਵਰਕਰ ਕਿਸਾਨਾਂ ਦੀ ਹਮਾਇਤ ਕਰਨ ਲਈ ਸੜਕਾਂ ‘ਤੇ ਨਜ਼ਰ ਆਉਣਗੇ। 1 ਅਕਤੂਰ ਨੂੰ ਤਲਵੰਡੀ ਸਾਬੋ, ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਤੋਂ ਖੇਤੀ ਬਿੱਲਾਂ ਖਿਲਾਫ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਜੋ ਚੰਡੀਗੜ੍ਹ ਪਹੁੰਚੇਗਾ। ਸੁਖਬੀਰ ਬਾਦਲ ਨੇ ਇਸ ਦਿਨ ਪੂਰਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਚੱਲੀਏ, ਧਰਨੇ ਦੀ ਅਗਵਾਈ ਮੈਂ ਕਰਾਂਗਾ।
ਉਨ੍ਹਾਂ ਕਿਹਾ ਕਿ ‘ਕਿਸਾਨਾਂ ਅੱਗੇ ਸਾਡੇ ਲਈ ਕੋਈ ਗਠਜੋੜ ਜ਼ਰੂਰੀ ਨਹੀਂ ਹੈ। ਸੰਸਦ ਵਿੱਚ ਖੇਤੀ ਬਿੱਲ ਖਿਲਾਫ ਸਿਰਫ ਮੈਂ ਅਤੇ ਹਰਸਿਮਰਤ ਕੌਰ ਬਾਦਲ ਨੇ ਹੀ ਵੋਟ ਪਾਈ ਸੀ। ਵੋਟ ਪਾਉਣ ਸਮੇਂ ਕਾਂਗਰਸ ਪਾਰਟੀ ਉੱਥੇ ਮੌਜੂਦ ਨਹੀਂ ਸੀ ਅਤੇ ਰਵਨੀਤ ਬਿੱਟੂ ਵੋਟ ਪਾਉਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ ਸੀ’।
ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ CM ਕੈਪਟਨ ਨਵੇਂ ਖੇਤੀ ਬਿੱਲ ਰੱਦ ਕਿਉਂ ਨਹੀਂ ਕਰ ਰਹੇ ?