Punjab Religion

SGPC ਚੋਣਾਂ ’ਚ ਜਿੱਤ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਵੱਡਾ ਬਿਆਨ! ‘ਖ਼ਾਲਸਾ ਪੰਥ ਨੂੰ ਆਗੂ ਰਹਿਤ ਕਰਨ ਦੀ ਗਹਿਰੀ ਸਾਜ਼ਿਸ਼’

ਬਿਉਰੋ ਰਿਪੋਰਟ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ SGPC ਦੇ ਪ੍ਰਧਾਨਗੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਲਾਏ ਹਨ।

ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ, ‘ਖ਼ਾਲਸਾ ਪੰਥ ਦੀ ਨਿਰਾਲੀ ਸ਼ਾਨ ਦੇ ਝੰਡਾ ਬਰਦਾਰ ਤੇ ਕੌਮ ਵੱਲੋਂ ਚੁਣੇ ਹੋਏ ਕੌਮ ਦੇ ਜਰਨੈਲ, ਸਮੂਹ ਮੈਂਬਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਤੇ ਉਨ੍ਹਾਂ ਦਾ ਤਹਿ ਦਿਲੋਂ ਕੋਟਿਨ ਕੋਟਿ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ, ਉਹਨਾਂ ਦੀਆਂ ਏਜੰਸੀਆਂ ਅਤੇ ਉਹਨਾ ਦੀ ਸ਼ਹਿ ’ਤੇ ਪੰਥ ਨੂੰ ਦੋਫਾੜ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਵਿਚ ਲੀਨ ਪੰਥ ਵਿਰੋਧੀ ਅਨਸਰਾਂ ਦੇ ਸਾਂਝੇ ਹੱਲੇ ਨੂੰ ਕੱਲ ਲੱਕ ਤੋੜਵੀਂ ਹਾਰ ਦਿੱਤੀ ਹੈ।’

ਸੁਖਬੀਰ ਸਿੰਘ ਬਾਦਲ ਨੇ ਕਿਹਾ, ‘ਖ਼ਾਲਸਾ ਪੰਥ ਨੂੰ ਆਗੂ ਰਹਿਤ ਕਰਨ ਦੀ ਗਹਿਰੀ ਸਾਜ਼ਿਸ਼ ਅਧੀਨ ਪਿਛਲੇ ਲਗਭਗ ਡੇਢ ਦਹਾਕੇ ਤੋਂ ਪੰਥਕ ਸਫਾਂ ਵਿਚ ਪੰਥ ਦੀ ਵਾਹਿਦ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਪੰਥ ਦਰਦੀਆਂ ਦੇ ਮਨਾਂ ਵਿੱਚ ਉਨ੍ਹਾਂ ਦੀ ਆਪਣੀ ਜਥੇਬੰਦੀ ਖਿਲਾਫ ਸ਼ੱਕ ਖੜ੍ਹਾ ਕਰਨ ਲਈ ਇੱਕ ਵਿਆਪਕ ਤੇ ਜ਼ਹਿਰੀਲਾ ਕੂੜ ਪ੍ਰਚਾਰ ਤੰਤਰ ਦਿਨ ਰਾਤ ਕੰਮ ਕਰ ਰਿਹਾ ਹੈ।’

‘ਪਰ ਕਲਗੀਧਰ ਪਾਤਸ਼ਾਹ ਨੇ ਆਪਣੇ ਪੰਥ ਦੇ ਸਿਰ ’ਤੇ ਆਪਣੀ ਮਿਹਰ ਦਾ ਹੱਥ ਰੱਖਿਆ ਤੇ ਕੌਮ ਨੂੰ ਇਤਿਹਾਸਿਕ ਤੇ ਬੇਮਿਸਾਲ ਜਿੱਤ ਹਾਸਿਲ ਹੋਈ ਹੈ। ਇਹ ਸਭ ਗੁਰੂ ਸਾਹਿਬ ਦੀ ਕਿਰਪਾ ਦੀ ਲੀਲਾ ਹੈ। ਮੈਂ ਇਸ ਕਿਰਪਾ ਦੇ ਪਾਤਰ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜੁਝਾਰੂ ਮੈਂਬਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਖ-ਲੱਖ ਵਧਾਈ ਪੇਸ਼ ਕਰਦਾ ਹਾਂ ਤੇ ਸਮੂਹ ਖ਼ਾਲਸਾ ਪੰਥ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’