Punjab

ਨਵੀਂ ਪਾਰਟੀ ਬਣਾਉਣ ਜਾ ਰਹੇ ਆਗੂਆਂ ਦੇ ਦੁਆਲੇ ਹੋਏ ਸੁਖਬੀਰ ਬਾਦਲ

ਮੁਕਤਸਰ ਸਾਹਿਬ : ਮਾਘੀ ਜੋੜ ਮੇਲਾ ਕਾਨਫਰੰਸ ਦੀ ਤਿਆਰੀ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਸ. ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਤਨਖਾਹ ਬਾਰੇ ਖੁੱਲ ਕੇ ਬੋਲਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ’ਤੇ ਝੂਠੇ ਇਲਜ਼ਾਮ ਲਗਾਏ ਗਏ ਹਨ।

ਬਾਦਲ ਨੇ ਕਿਹਾ ਕਿ ਅਸੀਂ ਵਿਵਾਦ ਖਤਮ ਕਰਨ ਲਈ ਆਪਣੀ ਝੋਲੀ ਵਿੱਚ ਇਲਜ਼ਾਮ ਪਵਾਏ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਤੱਕ ਆਰਾਮ ਕਰ ਰਿਹਾ ਸੀ ਪਰ ਹੁਣ ਅਕਾਲੀ ਦਲ ਜਾਗ ਗਿਆ ਹੈ ਅਤੇ ਹੁਣ ਸਭ ਨੂੰ ਬੰਦੇ ਸਣਾਵਾਂਗੇ।

ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ ਉਤੇ ਨਵੀਂ ਪਾਰਟੀ ਬਣਾਉਣ ਜਾ ਰਹੇ ਵਿਰੋਧੀਆਂ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਹੀ ਜੇਲ੍ਹ ਵਿੱਚ ਚੀਕਾਂ ਨਿਕਲ ਗਈਆਂ।

ਉਨ੍ਹਾਂ ਕਿਹਾ ਕਿ ਵਿਰੋਧੀ ਤਾਂ ਸਿਆਸਤ ਦੀ ਦੁਕਾਨ ਚਲਾਉਂਦੇ ਹਨ, ਜਦਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵੇਲੇ ਇਹੋ ਆਗੂ ਕਹਿੰਦੇ ਸਨ ਕਿ ਅਸੀਂ ਸਿਆਸਤ ਨਹੀਂ ਕਰਨੀ ਅਤੇ ਹੁਣ ਨਵੀਂ ਪਾਰਟੀ ਬਣਾਉਣ ਲੱਗੇ ਹਨ।

ਜੇਕਰ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਹੀਂ ਲੜੀਆਂ ਤਾਂ ਇਨ੍ਹਾਂ ਨੇ ਵੀ ਨਹੀਂ ਲੜੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਜਿੱਤ ਮਗਰੋਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਵੀ ਨਹੀਂ ਪਹੁੰਚੇ।

ਉਨ੍ਹਾਂ ਹਲਕੇ ਵਿਚ ਵੋਟਰਾਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਦਾਰੀ ਕਾਇਮ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ।