Punjab

ਸੁਖਬੀਰ ਬਾਦਲ ਨੇ ਲੋਕਾਂ ਅੱਗੇ ਖੋਲ੍ਹਿਆ ਆਪਣਾ ਪਿਟਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਲਈ ਬਸੀ ਪਠਾਣਾਂ ਪਹੁੰਚੇ ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ 13 ਨੁਕਾਤੀ ਪ੍ਰੋਗਰਾਮ ਲੈ ਕੇ ਆਏ ਹਨ।

ਕੀ ਹੈ ਸੁਖਬੀਰ ਬਾਦਲ ਦਾ 13 ਨੁਕਾਤੀ ਪ੍ਰੋਗਰਾਮ

  • ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਬਹੁਤ ਸਾਰੇ ਨੀਲੇ ਕਾਰਡ ਕੱਟੇ ਗਏ ਹਨ। ਬਾਦਲ ਨੇ ਦਾਅਵਾ ਕੀਤਾ ਕਿ ਜਦੋਂ ਸਰਕਾਰ ਬਣ ਗਈ, ਸਾਰਿਆਂ ਦੇ ਨੀਲੇ ਕਾਰਡ ਫਿਰ ਤੋਂ ਬਣਾਏ ਜਾਣਗੇ।
  • ਨੀਲੇ ਕਾਰਡ ਧਾਰਕ ਪਰਿਵਾਰਾਂ ਦੀਆਂ ਮੁੱਖ ਔਰਤਾਂ ਨੂੰ ਸਾਡੀ ਸਰਕਾਰ ਦੋ ਹਜ਼ਾਰ ਰੁਪਏ ਮਹੀਨਾ ਦਿਆ ਕਰੇਗੀ।
  • 12 ਹਜ਼ਾਰ ਕਰੋੜ ਰੁਪਏ ਇਕੱਲੇ ਸਰਕਾਰੀ ਸਕੂਲਾਂ ਦੀ ਪੜਾਈ ਠੀਕ ਕਰਨ ਵਾਸਤੇ ਲਗਾਇਆ ਜਾਵੇਗਾ। ਅਗਲੇ ਪੰਜ ਸਾਲਾਂ ਵਿੱਚ ਹਰ 25 ਹਜ਼ਾਰ ਆਬਾਦੀ ਦੇ ਅੰਦਰ ਇੱਕ ਪੰਜ ਹਜ਼ਾਰ ਬੱਚਿਆਂ ਦਾ ਇੱਕ ਵੱਡਾ ਮੈਗਾ ਸਕੂਲ ਬਣਾਇਆ ਜਾਵੇਗਾ। ਇਸ ਵਿੱਚ 100 ਅਧਿਆਪਕ ਹੋਣਗੇ।
  • ਸਾਰੇ ਕਾਲਜਾਂ ਵਿੱਚ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚੋਂ ਪੜੇ ਬੱਚਿਆਂ ਲਈ ਰਿਜ਼ਰਵ ਰੱਖੀਆਂ ਜਾਣਗੀਆਂ।
  • ਸਰਕਾਰੀ ਨੌਕਰੀਆਂ ਵਿੱਚ ਵੀ 33 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚੋਂ ਪੜੇ ਹੋਏ ਬੱਚਿਆਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ।
  • ਜਿਸ ਬੱਚੇ ਜਾਂ ਬੱਚੀ ਨੇ ਆਪਣਾ ਕੋਈ ਕਾਰੋਬਾਰ ਕਰਨਾ ਹੈ, ਉਸਨੂੰ ਪੰਜਾਬ ਕੋਪਰੇਟ ਬੈਂਕ ਤੋਂ ਪੰਜ ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ, ਜਿਸਦਾ ਕੋਈ ਵਿਆਜ ਨਹੀਂ ਹੋਵੇਗਾ।
  • ਬੱਚਿਆਂ ਦੀ ਪੜਾਈ ਵਾਸਤੇ ਅਸੀਂ ਸਟੂਡੈਂਟ ਕਾਰਡ ਸਕੀਮ ਲੈ ਕੇ ਆਏ ਹਾਂ। 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣੇਗਾ। ਜਿਹੜੇ ਬੱਚਿਆਂ ਨੇ ਦੇਸ਼ ਦੇ ਕਿਸੇ ਵੀ ਕਾਲਜ ਵਿੱਚ ਦਾਖ਼ਲਾ ਲੈਣਾ ਹੈ, ਉਹ ਚਿੱਠੀ ਸਾਨੂੰ ਦੇ ਦੇਣਗੇ, 10 ਲੱਖ ਰੁਪਏ ਤੱਕ ਪੈਸਾ ਉਸ ਕਾਲਜ ਨੂੰ ਅਸੀਂ ਸਿੱਧਾ ਭੇਜਾਂਗੇ।
  • ਸਾਰੇ ਵਰਗਾਂ ਨੂੰ ਬਿਜਲੀ ਦੇ ਪਹਿਲੇ 400 ਯੂਨਿਟ ਮੁਆਫ਼ ਕੀਤੇ ਜਾਣਗੇ। ਉਸ ਤੋਂ ਉੱਪਰ ਜੇ ਤੁਸੀਂ ਵਰਤੋਗੇ ਤਾਂ ਬਿਜਲੀ ਦਾ ਬਿੱਲ ਆਵੇਗਾ।
  • ਅਸੀਂ ਭਾਈ ਘਨ੍ਹਈਆ ਸਕੀਮ ਲਿਆਂਦੀ ਸੀ। ਇਸਦੇ ਨਾਲ ਦੋ ਲੱਖ ਰੁਪਏ ਦਾ ਕਾਰਡ ਬਣਾਇਆ ਜਾਵੇਗਾ ਜਿਸ ਨਾਲ ਤੁਸੀਂ ਕਿਸੇ ਵੀ ਹਸਪਤਾਲ ਵਿੱਚ ਇਲਾਜ ਕਰਾ ਸਕੋ ਪਰ ਕਾਂਗਰਸ ਨੇ ਬੰਦ ਕਰਵਾ ਦਿੱਤੀ ਸੀ। ਅਸੀਂ ਫਿਰ ਤੋਂ ਇਹ ਸਕੀਮ ਲੈ ਕੇ ਆਵਾਂਗੇ। ਪਰ ਇਸ ਵਾਰ ਅਸੀਂ ਰਕਮ ਦੀ ਲਿਮਟ 10 ਲੱਖ ਰੁਪਏ ਰੱਖੀ ਹੈ।
  • ਛੋਟੇ ਦੁਕਾਨਦਾਰਾਂ ਦਾ 10 ਲੱਖ ਰੁਪਏ ਬੀਮਾ ਕੀਤਾ ਜਾਵੇਗਾ।

ਸੁਖਬੀਰ ਬਾਦਲ ਨੇ ਇਹ ਸਾਰੇ ਵਾਅਦੇ ਛੇ ਮਹੀਨਿਆਂ ਵਿੱਚ ਪੂਰਾ ਕਰਨ ਦਾ ਭਰੋਸਾ ਦਿੱਤਾ। ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਨੂੰ ਸਕੀਮਾਂ ਕੀ ਦੇਣੀਆਂ ਸਨ, ਜੋ ਅਸੀਂ ਸਕੀਮਾਂ ਲੋਕਾਂ ਨੂੰ ਦਿੰਦੇ ਸੀ, ਇਨ੍ਹਾਂ ਨੇ ਤਾਂ ਉਹ ਵੀ ਬੰਦ ਕਰ ਦਿੱਤੀਆਂ ਹਨ। ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਨ। ਜੋ ਸਾਰੀਆਂ ਸਹੂਲਤਾਂ ਹਨ, ਉਹ ਉਨ੍ਹਾਂ ਨੇ ਹੀ ਗਰੀਬਾਂ ਨੂੰ ਦਿੱਤੀਆਂ ਹਨ, ਕਾਂਗਰਸ ਨੇ ਤਾਂ ਇੱਕ ਵੀ ਸਹੂਲਤ ਲੋਕਾਂ ਨੂੰ ਨਹੀਂ ਦਿੱਤੀ। ਪ੍ਰਕਾਸ਼ ਬਾਦਲ ਨੇ ਜੋ ਜ਼ੁਬਾਨ ਕੀਤੀ ਹੈ, ਉਹ ਸਾਰੇ ਵਾਅਦੇ ਪੂਰੇ ਕੀਤੇ ਹਨ।

ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਹੀ 10 ਕਰੋੜ ਰੁਪਏ ਫੜੇ ਗਏ। ਜਦੋਂ ਭਰਾ ‘ਤੇ ਰੇਡ ਪਈ ਤਾਂ ਚੰਨੀ ਨੇ ਨੋਟਾਂ ਦੇ ਬੈਗ ਭਰ-ਭਰ ਕੇ ਆਪਣੇ ਮੋਰਿੰਡੇ ਘਰ ਤੋਂ ਚੰਡੀਗੜ੍ਹ ਦੀ ਸਰਕਾਰੀ ਕੋਠੀ ਭੇਜੇ। ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਨੇ ਝੂਠੀ ਸਹੁੰ ਖਾ ਕੇ ਪਿਛਲੀ ਵਾਰ ਇੱਕ ਮੌਕਾ ਲੈ ਲਿਆ ਸੀ ਪਰ ਪੰਜਾਬ ਲਈ ਕੀਤਾ ਕੁੱਝ ਨਹੀਂ। ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।

ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਨਹੀਂ ਬਖਸ਼ਿਆ। ਸੁਖਬੀਰ ਬਾਦਲ ਨੇ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਉਸਨੂੰ ਵੋਟਾਂ ਨਾ ਪਾਈਆਂ ਤਾਂ ਉਸਨੇ ਆਪਣੀ ਦੁਕਾਨ ਬੰਦ ਕਰਕੇ ਰਾਜਸਥਾਨ ਲੈ ਜਾਣੀ ਹੈ ਕਿਉਂਕਿ ਉਸਨੂੰ ਪੰਜਾਬ ਦੇ ਨਾਲ ਕੋਈ ਲਗਾਅ ਨਹੀਂ ਹੈ। ਕੇਜਰੀਵਾਲ ਨੇ ਜਿੰਨੇ ਵਾਅਦੇ ਇੱਥੇ ਕੀਤੇ ਹਨ, ਦਿੱਲੀ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।