Punjab Religion

ਬਾਗੀਆਂ ‘ਤੇ ਵਰ੍ਹੇ ਸੁਖਬੀਰ ਬਾਦਲ, ਸਭ ਨੂੰ ਸੁਣਾ ਦਿੱਤੀਆਂ-ਦਿੱਤੀਆਂ ਖਰੀਆਂ-ਖਰੀਆਂ

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੀ ਪਹਿਲੀ ਤਾਰੀਖ ਨੂੰ 40 ਮੁਕਤਿਆਂ ਦੀ ਯਾਦ ‘ਚ ਇਤਿਹਾਸਕ ਜੋੜ ਮੇਲਾ ਮਾਘੀ ਮਨਾਇਆ ਜਾਂਦਾ ਹੈ। ਇਸੇ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਵਾਈਆਂ ਗਈਆਂ। ਅਕਾਲੀ ਦਲ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਬਾਗੀ ਧੜੇ ’ਤੇ ਨਿਸ਼ਾਨੇ ਸਾਧੇ।

ਚੀਮਾ ਨੇ ਕਿਹਾ ਕਿ ਸਰਕਾਰਾਂ ’ਚ ਵਜ਼ੀਰੀਆਂ ਮਾਨਣ ਵਾਲੇ ਸਾਜ਼ਿਸ਼ ਦਾ ਹਿੱਸਾ ਬਣੇ ਅਤੇ ਸਿੱਖਾਂ ਨੂੰ ਲੀਡਰਸ਼ਿਪ ਤੋਂ ਵਾਂਝਾ ਕਰਨ ਵਾਲੀ ਸਾਜ਼ਿਸ਼ ਦਾ ਵੀ ਹਿੱਸਾ ਬਣੇ। ਚੀਮਾ ਨੇ ਕਿਹਾ ਕਿ ਸਾਨੂੰ ਅਕਾਲ ਤਖ਼ਤ ਸਾਹਿਬ ਅੱਗੇ ਕੋਈ ਦਲੀਲ ਦੇਣੀ ਵਾਜਿਬ ਨਹੀਂ ਸੀ ਪਰ ਫਿਰ ਵੀ ਸੁਖਬੀਰ ਬਾਦਲ ਨੇ ਸਭ ਕੁਝ ਆਪਣੀ ਝੋਲੀ ਵਿੱਚ ਪਵਾਇਆ।

ਸੁਖਜਿੰਦਰ ਰੰਧਾਵਾਂ ਨੂੰ ਲਿਆ ਨਿਸ਼ਾਨੇ ‘ਤੇ

ਕਾਂਗਰਸ ਆਗੂ ਸੁਖਜਿੰਦਰ ਰੰਧਾਵਾਂ ‘ਤੇ ਦੋਸ਼ ਲਗਾਉਂਦਿਆਂ ਚੀਮਾ ਨੇ ਕਿਹਾ ਕਿ ਰੰਧਾਵਾਂ ਨੇ ਸੁਖਬੀਰ ਬਾਦਲ ਖ਼ਿਲਾਫ਼ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਲਈ ਚਿੱਠੀ ਲਿਖੀ ਹੈ। ਉਨ੍ਹਾਂ ਦੱਸਿਆ ਕਿ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀਆਂ ਸਾਰੀਆਂ ਗਲਤੀਆਂ ਮੰਨ ਲਈਆਂ ਹਨ ਤਾਂ ਉਸ ਸਮੇਂ ਉਸ ਤੇ ਕੋਟਕਪੂਰੇ ਅਤੇ ਬਹਿਬਲ ਕਲਾਂ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਰੰਧਾਵਾਂ ਉਸ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਲੱਡੂ ਵੰਡੇ ਸੀ।

ਸੁਖਬੀਰ ਬਾਦਲ

ਇਸ ਤੋਂ ਬਾਅਦ ਸੁਖਬੀਰ ਬਾਦਲ ਸਟੇਜ ਤੇ ਆਏ ਅਤੇ ਸੰਬੋਧਨ ਕਰਨ ਲੱਗੇ। ਜਿਕਰਯੋਗ ਹੈ ਕਿ ਅੱਜ ਸੁਖਬੀਰ ਬਾਦਲ ਤਨਖਾਹੀਆ ਕਰਾਰ ਹੋਣ ਅਤੇ ਧਾਰਮਿਕ ਸਜ਼ਾ ਭੁਗਤਣ ਤੋਂ ਬਾਅਦ ਪਹਿਲੀ ਵਾਰ ਵੱਡੀ ਸਟੇਜ ਤੋਂ ਲੋਕਾਂ ਦੇ ਸਾਹਮਣੇ ਆਏ ਸਨ. ਉਹਨਾਂ ਕਿਹਾ ਕੇ ਸਾਡੇ ਰਾਜ ਵਿੱਚ ਜੋ ਕੁਝ ਹੋਇਆ ਅਤੇ ਅਸੀਂ ਤਲਬ ਹੋਏ ਤਾਂ ਸਾਡੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਹੋਇਆ ਕਿ ਬੇਸ਼ੱਕ ਮੈਂ ਦੋਸ਼ੀ ਨਹੀਂ ਹਾਂ ਪਰ ਫੇਰ ਵੀ ਮੈਂ ਸਭ ਕੁਝ ਆਪਣੀ ਝੋਲੀ ਪੁਆਵਾਂਗਾ।

MP ਅੰਮ੍ਰਿਤਪਾਲ ਸਿੰਘ ਬਾਰੇ ਕਹੀਆਂ ਇਹ ਗੱਲਾਂ

ਉਹਨਾਂ MP ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਏਜੰਸੀਆਂ ਨੇ ਕੁਝ ਲੋਕਾਂ ਨੂੰ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਹੈ ਅਤੇ ਤੁਸੀਂ ਕਰੋ, ਤਾਂ ਇਹਨਾਂ ਨੇ ਉੱਠ ਕੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਜਦੋਂ ਸ਼੍ਰੋਮਣੀ ਅਕਾਲੀ ਦਲ ਉੱਠਣ ਲੱਗਦੈ ਤਾਂ ਅਜਿਹੇ ਲੋਕ ਕੁਝ ਨਾ ਕੁਝ ਅਜਿਹਾ ਕਰਦੇ ਨੇ ਕੇ ਪਾਰਟੀ ਦਾ ਨੁਕਸਾਨ ਹੋ ਜਾਂਦਾ ਹੈ।

ਉਹਨਾਂ ਕਾਂਗਰਸ ‘ਤੇ ਧਾਵਾ ਬੋਲਦਿਆਂ ਕਿਹਾ ਕੇ 84 ਨਸਲਕੁਸ਼ੀ ਅਤੇ ਦਰਬਾਰ ਸਾਹਿਬ ਅਟੈਕ ਮਗਰੋਂ 1985 ‘ਚ ਜਦੋਂ ਦੁਬਾਰਾ ਚੋਣਾਂ ਹੋਈਆਂ ਤਾਂ ਉਹੀ ਕਾਂਗਰਸ ਨੇ ਪੰਜਾਬ ‘ਚੋਂ 35 ਸੀਟਾਂ ਜਿੱਤੀਆਂ ਜਿਸ ਨੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਤੇ ਹਮਲੇ ਕਰਵਾਏ ਤੇ ਨੌਜਵਾਨੀ ਦਾ ਘਾਣ ਕੀਤਾ, ਇਥੋਂ ਤੱਕ ਕਿ ਅੰਮ੍ਰਿਤਸਰ ਸਾਹਿਬ ਤੋਂ, ਜਿੱਥੇ ਟੈਂਕ ਅਤੇ ਤੋਪਾਂ ਨਾਲ ਹਮਲਾ ਕੀਤਾ ਸੀ ਉੱਥੋਂ ਵੀ 3 ਸੀਟਾਂ ‘ਤੇ ਕਾਂਗਰਸ ਜਿੱਤੀ।

ਏਜੰਸੀਆਂ ਦੇ ਨਿਸ਼ਾਨੇ ਤੇ ਅਕਾਲੀ ਦਲ

ਅੱਜ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ‘ਚ ਇੱਕ ਬੇਅਦਬੀ ਹੋਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਲਿਖਤੀ ਮਾਫੀ ਮੰਗੀ ਕਿ ਮੇਰੇ ਰਾਜ ਵਿੱਚ ਆਹ ਕੁਝ ਹੋ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵੇਲੇ ਵੀ ਬੇਅਦਬੀਆਂ ਹੋਈਆਂ ਪਰ ਉਹਨਾਂ ਨੂੰ ਕਦੇ ਕੋਈ ਬੋਲਿਆ ਨੀ, ਹੁਣ ਮੌਜੂਦਾ ਸਰਕਾਰ ਦੇ ਰਾਜ ‘ਚ ਗੁਰੂਘਰ ਅੰਦਰ ਗੋਲੀਆਂ ਚੱਲੀਆਂ, ਪਰ ਇਹਨਾਂ ਨੂੰ ਤਾਂ ਕਦੇ ਪੇਸ਼ ਨਹੀਂ ਕਰਾਇਆ ਗਿਆ।

ਆਪਣੇ ’ਤੇ ਹੋਏ ਹਮਲੇ ਦੀ ਕੀਤੀ ਗੱਲ

ਸੁਖਬੀਰ ਬਾਦਲ ਨੇ ਆਪਣੇ ’ਤੇ ਹੋਏ ਹਮਲੇ ਦੇ ਗੱਲ ਕਰਦਿਆਂ ਕਿਹਾ ਕਿ ਪਾਰਟੀ ਵਿਰੋਧੀ ਤਾਕਤਾਂ ਜਾਂ ਏਜੰਸੀਆਂ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਜਾਣ ਤੋਂ ਪਾਰਟੀ ਵਿਰੋਧੀ ਤਾਕਤਾਂ ਨੇ ਮੈਨੂੰ ਆਪਣੇ ਨਿਸ਼ਾਨੇ ਤੇ ਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਦਾ ਇੱਕੋ ਟੀਚਾ ਸੀ ਕਿ ਬਾਦਲ ਪਰਿਵਾਰ ਨੂੰ ਖਤਮ ਕਰਨਾ ਹੈ। ਅੱਜ ਜੇ ਵਿਰਸਾ ਸੰਭਾਲਿਆ ਤਾਂ ਇੱਕੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ।

ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਾਬ੍ਹ ਨੇ 70 ਸਾਲ ਪਾਰਟੀ ਦੀ ਸੇਵਾ ਕੀਤੀ ਪਰ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ।

ਬਾਗੀਆਂ ਤੇ ਵਰ੍ਹਦਿਆਂ ਬਾਦਲ ਨੇ ਕਿਹਾ ਕਿ ਸਾਡੇ ਖ਼ਿਲਾਫ ਸਾਜ਼ਿਸ਼ਾਂ ਰਚਣ ਵਾਲੇ ਲੋਕ ਪੰਥ ਦੇ ਗਦਾਰ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਏਜੰਸੀਆਂ ਸਾਹਮਣੇ ਝੁਕ ਜਾਂਦੇ ਹਨ।

ਕਾਰਜ ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਕਿਹਾ ਕੇ ਅਕਾਲੀ ਦਲ ‘ਤੇ ਤਾਂ ਸਵਾਲ ਚੁੱਕ ਰਹੇ ਨੇ ਪਰ ਜਦੋਂ ਕਾਂਗਰਸ ਅਤੇ ਆਪ ਦੇ ਰਾਜ ‘ਚ ਬੇਅਦਬੀਆਂ ਹੋਈਆਂ ਅਤੇ ਉਹਨਾਂ ਨੂੰ ਕੋਈ ਨੀ ਬੋਲਿਆ। ਆਪ ਦੇ MLA ਦੇ ਮਾਲੇਰਕੋਟਲਾ ਬੇਅਦਬੀ ਕੇਸ ਵਿੱਚ ਫਸਣ ਵਾਲੇ ਮਾਮਲੇ ਤੇ ਬੋਲਦਿਆਂ ਭੂੰਦੜ ਨੇ ਕਿਹਾ ਕੇ ਉਹ ਤਾਂ ਖੁਦ ਵੀ ਮੰਨ ਗਏ ਕੇ 80 ਲੱਖ ਰੁਪਏ ਬੇਅਦਬੀ ਲਈ ਦਿੱਤੇ ਗਏ ਸੀ ਅਤੇ ਢਾਈ ਸਾਲ ਦੀ ਸਜ਼ਾ ਵੀ ਹੋਈ ਸੀ ਪਰ ਉਹਨਾਂ ਬਾਰੇ ਕੋਈ ਆਵਾਜ਼ ਨਹੀਂ ਕੱਢਦਾ ਅਤੇ ਅਕਾਲੀ ਦਲ ਨੂੰ ਸਾਰੇ ਰਲ ਕੇ ਭੰਡਣ ਲੱਗੇ ਹੋਏ ਹਨ।