ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਖੇਮਕਰਨ ਵਿੱਚ ਰੈਲੀ ਦੌਰਾਨ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ’ਤੇ ਇੱਕ ਤੋਂ ਬਾਅਦ ਇੱਕ ਜ਼ਬਰਦਸਤ ਸਿਆਸੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਖਡੂਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਡਿਬਰੂਗੜ੍ਹ ਜੇਲ੍ਹਰ ਨੇ ਫੋਨ ਕਰਕੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਵਕੀਲ RSS ਦੇ ਮਾਲਵੇ ਦਾ ਹੈੱਡ ਹੈ। ਫਿਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੋਨ ਦੇ ਜ਼ਰੀਏ ਫੋਟੋ ਵਿਖਾਈ ਅਤੇ ਦਾਅਵਾ ਕੀਤਾ ਕਿ ਪਰਿਵਾਰ ਤਾਂ ਚੋਣ ਲੜਨ ਤੋਂ ਇਨਕਾਰ ਕਰ ਰਿਹਾ ਸੀ ਅਤੇ ਵਕੀਲ ਜੇਲ੍ਹ ਤੋਂ ਬਾਹਰ ਆ ਕੇ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕਰ ਰਿਹਾ ਸੀ ਫਿਰ ਵੀ ਅਸੀਂ ਨਹੀਂ ਸਮਝ ਪਾ ਰਹੇ ਹਾਂ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ NSA ਅਧੀਨ 8 ਤੋਂ 9 ਮਹੀਨੇ ਤੱਕ ਮਿਲਣ ਨਹੀਂ ਦਿੰਦੇ ਸਨ ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਹਰ ਹਫ਼ਤੇ ਮਿਲਣ ਦੀ ਛੋਟ ਕਿਵੇਂ ਦਿੱਤੀ ਗਈ ਹੈ। ਤੁਸੀਂ ਨਸ਼ਾ ਛਡਾਓ ਚੰਗੀ ਗੱਲ ਹੈ ਪਰ ਇਸ ਦੇ ਪਿੱਛੇ ਲੁਕ ਕੇ ਕੌਮ ਦੀ ਪਿੱਠੇ ’ਤੇ ਛੁਰਾ ਨਹੀਂ ਮਾਰ ਸਕਦੇ ਹੋ। ਬੀਜੇਪੀ ਇਨ੍ਹਾਂ ਤਾਕਤਾਂ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਪਾਲ ਸਿੰਘ ਨੂੰ ਬੰਦੀ ਸਿੰਘ ਨਹੀਂ ਮੰਨਦਾ ਹਾਂ।
ਸੁਖਬੀਰ ਸਿੰਘ ਨੇ ਪੁੱਛਿਆ ਕਿ ਅੰਮ੍ਰਿਤਪਾਲ ਕਿੱਥੋਂ ਆਇਆ ਹੈ, 2 ਸਾਲ ਪਹਿਲਾਂ ਕਿੱਥੇ ਸੀ? ਇੱਕ ਸਾਲ ਤੱਕ ਅੰਮ੍ਰਿਤਪਾਲ ਨੇ ਡਰਾਮਾ ਰਚਿਆ। ਖੇਮਕਰਨ ਤੋਂ ਬਾਅਦ ਜੀਰਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ। ਸਿਰਫ਼ ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਨੇ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਘੇਰਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਵੀ ਏਜੰਸੀਆਂ ਦੇ ਬੰਦੇ ਹਨ ਜਿੰਨਾਂ ਦੀ ਵਰਤੋਂ ਬੀਜੇਪੀ ਵਾਰ-ਵਾਰ ਸਾਡੇ ਧਾਰਮਿਕ ਥਾਵਾਂ ’ਤੇ ਕਬਜ਼ਾ ਕਰਨ ਦੇ ਲਈ ਕਰ ਰਹੀ ਹੈ।