‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir Badal ) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਵੱਲੋਂ ਰਾਜਪਾਲ ਨੂੰ ਸਵਾਲਾਂ ਦਾ ਜਵਾਬ ਨਾ ਦੇਣਾ ਗਲਤ ਹੈ। ਇਹ ਕਹਿਣਾ ਕਿ ਰਾਜਪਾਲ ਸਵਾਲ ਪੁੱਛਣ ਦਾ ਹੱਕ ਨਹੀਂ ਰੱਖਦੇ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਮਨੀਸ਼ ਸਿਸੋਦੀਆ ਤੇ ਰਾਘਵ ਚੱਢਾ ਵਰਗੇ ਦਿੱਲੀ ਦੇ ਆਗੂਆਂ ਨੂੰ ਕਿਸ ਅਧਿਕਾਰ ਨਾਲ ਸੂਬਾ ਸਰਕਾਰ ਚਲਾਉਣ ਦਾ ਹੱਕ ਦਿੱਤਾ ਹੈ।
ਸੁਖਬਾਰ ਬਾਦਲ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਾਸੀਆਂ ਨੇ ਨਹੀਂ ਚੁਣਿਆ ਹੈ। ਇਸੇ ਤਰ੍ਹਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪੰਜਾਬ ਤੋਂ ਨਹੀਂ ਚੁਣੇ ਗਏ ਹਨ ਪਰ ਉਨ੍ਹਾਂ ਸੂਬੇ ਦੀ ਆਬਕਾਰੀ ਨੀਤੀ ਤਿਆਰ ਕੀਤੀ ਹੈ। ਦੂਜੇ ਪਾਸੇ ਰਾਘਵ ਚੱਢਾ ਵੀ ਸੂਬੇ ਤੋਂ ਬਾਹਰ ਦਾ ਹੋਣ ਦੇ ਬਾਵਜੂਦ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਤੇ ਤਾਇਨਾਤੀਆਂ ਸਬੰਧੀ ਫ਼ੈਸਲੇ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਸੰਵਿਧਾਨਕ ਸੰਕਟ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਗ਼ੈਰਸੰਵਿਧਾਨਕ ਢੰਗ ਨਾਲ ਸੂਬੇ ਦਾ ਕੰਟਰੋਲ ‘ਆਪ’ ਦੀ ਦਿੱਲੀ ਲੀਡਰਸ਼ਿਪ ਨੂੰ ਦਿੱਤਾ ਹੋਇਆ ਹੈ।ਬਾਦਲ ਨੇ ਕਿਹਾ ਕਿ ਰਾਜਪਾਲ ਨੇ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਸਬੰਧੀ ਸਵਾਲ ਪੁੱਛੇ ਹਨ, ਜੋ ਕਿ ਬਾਕੀ ਸਿਆਸੀ ਪਾਰਟੀਆਂ ਵੀ ਪੁੱਛ ਰਹੀਆਂ ਹਨ ਪਰ ਮੁੱਖ ਮੰਤਰੀ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦਾ ਮੁੱਦਈ ਤੇ ਰਾਜਾਂ ਵਿੱਚ ਕੇਂਦਰ ਦੇ ਦਖਲ ਦਾ ਵਿਰੋਧੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ਼ਤਿਹਾਰਬਾਜ਼ੀ ਲਈ ਜੋ 750 ਕਰੋੜ ਰੁਪਏ ਰੱਖੇ ਹੋਏ ਹਨ, ਇਸ ਰਕਮ ਨਾਲ ਸਮਾਜ ਭਲਾਈ ਦੀਆਂ ਕਈ ਯੋਜਵਾਨਾਂ ਮੁਕੰਮਲ ਕੀਤੀਆਂ ਜਾ ਸਕਦੀਆਂ ਹਨ।