ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir Singh Badal ) ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Mann ) ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਇੱਕ ਨਾਸਤਿਕ ਬੰਦਾ ਹੈ ਜਿਸ ਨੂੰ ਕਿਸੇ ਵੀ ਧਰਮ ਦੀ ਮਰਿਆਦਾ ਬਾਰੇ ਪਤਾ ਨਹੀਂ ਹੈ। ਬਾਦਲ ਨੇ ਕਿਹਾ ਕਿ ਜਿਹੜਾ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ, ਉਹਨੂੰ ਕੀ ਪਤਾ ਗੁਰੂ ਘਰ ਦੀ ਕੀ ਸ਼ਾਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕ ਬਹੁਤ ਹੀ ਅਯੋਗ ਮੁੱਖ ਮੰਤਰੀ ਮਿਲਿਆ ਹੈ, ਜਿਸਨੂੰ ਇਹ ਨਹੀਂ ਪਤਾ ਕਿ ਪੰਜਾਬ ਅਤੇ ਸਰਕਾਰ ਨੂੰ ਕਿਵੇਂ ਚਲਾਉਣਾ ਹੈ। ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ । ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ।
ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਸੂਬੇ ਦੀ ਬੇਹਤਰੀ ਵਾਸਤੇ ਕੰਮ ਕਰਨ ਅਤੇ ਜੇਕਰ ਉਹਨਾਂ ਨੂੰ ਕੰਮ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਉਹ ਉਹਨਾਂ ਸਮੇਤ ਹੋਰਨਾਂ ਤੋਂ ਸਲਾਹ ਮਸ਼ਵਰਾ ਲੈ ਲਿਆ ਕਰਨ।
ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਬਿਜਲੀ ਦਾ ਸੰਕਟ ਬਣ ਗਿਆ ਹੈ ਤੇ ਥਰਮਲ ਪਲਾਂਟ ਬੰਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਕੋਈ ਥਰਮਲ ਪਲਾਂਟ ਨਹੀਂ ਲਗਾਇਆ ਤੇ ਹੁਣ ਆਪ ਸਰਕਾਰ ਵੀ ਇਸ ਪਾਸੇ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਨੂੰ ਜਿੰਨੀ ਬਿਜਲੀ ਮਿਲ ਰਹੀ ਹੈ, ਉਹ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਗਾਏ ਥਰਮਲ ਪਲਾਂਟਾ ਤੋਂ ਮਿਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੂ ਪੀ ਤੇ ਬਿਹਾਰ ਤੋਂ ਲੇਬਰ ਪੰਜਾਬ ਆ ਕੇ ਨੌਕਰੀ ਕਰਦੀ ਸੀ ਤੇ ਹੁਣ ਪੰਜਾਬ ਦੀ ਇੰਡਸਟਰੀ ਯੂ ਪੀ ਜਾ ਰਹੀ ਹੈ। ਬਾਦਲ ਨੇ ਇਹ ਵੀ ਕਿਹਾ ਕਿ ਵੱਡੇ ਵੱਡੇ ਇੰਡਸਟ੍ਰੀਅਲਿਸਟ ਫਿਰੌਤੀਆਂ ਦੇਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਬੰਦੇ ਪੰਜਾਬ ਨੂੰ ਚਲਾ ਰਹੇ ਹਨ ਜੋ ਡੀ ਜੀ ਪੀ ਤੇ ਚੀਫ ਸੈਕਟਰੀ ਨਾਲ ਮੀਟਿੰਗਾਂ ਕਰਦੇਹਨ ਤੇ ਪੰਜਾਬ ਦੇ ਮੰਤਰੀਆਂ ਨੂੰ ਕੋਈ ਨਹੀਂ ਪੁੱਛਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਤੋਂ ਇਸਦਾ ਪਾਣੀ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ।