‘ਦ ਖ਼ਾਲਸ ਬਿਊਰੋ :- ਸੂਬੇ ਭਰ ‘ਚ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਲੱਗੇ ਕਿਸਾਨ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਦੀ ਅਗਵਾਈ ਕਰਨ, ਅਸੀਂ ਮਿਲ ਕੇ ਪੰਜਾਬ ਦੀ ਕਿਸਾਨੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਤੁਰਨ ਲਈ ਤਿਆਰ ਹਾਂ। ਦੱਸਣਯੋਗ ਹੈ ਕਿ ਹੁਣ ਤੱਕ ਦੋਸ਼ ਲੱਗ ਰਹੇ ਸਨ, ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਵਿੱਚ ਅਕਾਲੀ ਦਲ ਆਪਣੀ ਵੱਖਰੀ ਡਫਲੀ ਵਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਜੋ ਲੋਕ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਕਰ ਸਕਦਾ ਹੈ।ਅਸੀਂ ਉਨ੍ਹਾਂ ਲੋਕਾਂ ਨੂੰ ਇਹ ਸਪੱਸ਼ਟ ਕਰ ਦਿੰਦੇ ਹਾਂ ਸੱਚ ਦੀ ਇਸ ਲੜਾਈ ‘ਚ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਦੌਰੇ ਉੱਤੇ ਕਿਹਾ ਹੈ ਕਿ ਉਹ ਪੰਜਾਬ ‘ਚ ‘ਡਰਾਮਾ’ ਕਰਨ ਆ ਰਹੇ ਹੈ, ਨਾਲ ਹੀ ਇਸ ਮੌਕੇ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਤਿੰਨ ਸਵਾਲ ਵੀ ਕੀਤੇ।
ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਪਹਿਲਾ ਸਵਾਲ ਪੁੱਛਦਿਆਂ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਨੇ ਚੋਣ ਮੈਨੀਫੈਸਟੋ ‘ਚ ਲਿਖਿਆ ਹੈ ਕਿ ਅਸੀਂ ਨਿੱਜੀ ਮੰਡੀਆਂ ਖੋਲ੍ਹਾਂਗੇ ਅਤੇ ਈ-ਮੰਡੀਆਂ ਸ਼ੁਰੂ ਕਰਾਂਗੇ। ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਦੂਜਾ ਸਵਾਲ ਪੁੱਛਿਆ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਤੁਹਾਡੇ ਮੈਨੀਫੈਸਟੋ ‘ਚ ਸੀ, ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਹਿਲਾਂ ਕੰਮ ਇਹ ਹੋਵੇਗਾ ਕਿ ਸਰਕਾਰੀ ਮੰਡੀਆਂ ਨੂੰ ਬੰਦ ਕੀਤਾ ਜਾਵੇਗਾ। ਰਾਹੁਲ ਗਾਂਧੀ ਨੂੰ ਤੀਜਾ ਸਵਾਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਜੇਕਰ ਰਾਹੁਲ ਨੂੰ ਕਿਸਾਨਾਂ ਦਾ ਦਰਦ ਹੈ ਤਾਂ ਉਹ ਸੰਸਦ ਦੇ ਇਜਲਾਸ ‘ਚ ਸ਼ਾਮਲ ਕਿਉਂ ਨਹੀਂ ਹੋਏ, ਅਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਕੇ ਸਦਨ ‘ਚ ਹਾਜ਼ਰ ਹੋਣ ਲਈ ਕਿਉਂ ਨਹੀਂ ਕਿਹਾ।