ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਅੱਜ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਇਸ ਮੌਕੇ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸ਼ਰਮਾ,ਤਤਕਾਲੀ ਆਈਜੀ ਅਮਰ ਸਿੰਘ ਚਾਹਲ ਵੀ ਪੇਸ਼ ਹੋਏ। ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮ ਆਪਣੀ ਹਾਜ਼ਰੀ ਮਾਫ਼ ਕਰਵਾਉਣ ਦੇ ਚਲੱਦਿਆਂ ਪੇਸ਼ ਨਹੀਂ ਹੋਏ, ਜਿਸ ਕਰਕੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਗਸਤ ਨੂੰ ਹੋਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਦੋਵੇਂ ਕਿਸਾਨ ਵਿਰੋਧੀ ਪਾਰਟੀਆਂ) ਹੁਣ ਇੱਕਠੀਆਂ ਹੋ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਫ਼ੈਸਲੇ ਸਾਂਝੇ ਤੌਰ ‘ਤੇ ਲੈ ਰਹੀਆਂ ਹਨ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੂਰੀ ਤਨਦੇਹੀ ਨਾਲ ਵਿਰੋਧ ਕਰੇਗਾ ਅਤੇ ਕਿਸੇ ਹਾਲ ਲਾਗੂ ਨਹੀਂ ਹੋਣ ਦੇਵੇਗਾ।
ਟਿਊਬਵੈੱਲਾਂ ਨੂੰ ਮਿਲਦੀ ਫ੍ਰੀ ਬਿਜਲੀ ਸਕੀਮ ਖਤਮ ਕਰਨ ਦੀ ਸਿਫਾਰਿਸ਼ ‘ਤੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਜੋ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਦੀ ਹੈ ਜਿਨ੍ਹਾਂ ਵੱਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਪਰ ਆਪ ਸਰਾਕਰ ਉਨ੍ਹਾਂ ਨਾਲ ਧੋਖਾ ਕਰਨ ਜਾ ਰਹੀ ਹੈ, ਜਿਸ ਦਾ ਉਹ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਕੇ ਹੜਾ ਕਾਰਨ ਪੰਜਾਬ ਵਾਸੀਆਂ ਦਾ ਕਿੰਨਾ ਨੁਕਸਾਨ ਹੋਇਆ ਪਰ ਹਾਲੇ ਤੱਕ ਗਿਰਦਾਵਰੀ ਨਹੀ ਕਰਵਾਈ ਗਈ ਜਦਕਿ ਮੁੱਖਮੰਤਰੀ ਦਾਅਵਾ ਕਰਦੇ ਹਨ ਕਿ ਉਹ ਇੱਕ-ਇੱਕ ਪੈਸੇ ਦਾ ਨੁਕਸਾਨ ਭਰਨਗੇ, ਪਰ ਉਹ ਤਾਂ ਹੁਣ ਮੁਆਵਜ਼ਾ ਦੇਣ ਤੋਂ ਟਾਲਾ ਵੱਟਦੇ ਨਜ਼ਰ ਆ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਲੋਕਲ ਬਾਡੀਜ਼ ਦੀਆਂ ਚੋਣਾਂ ਉਹ ਪੂਰੀ ਤਾਕਤ ਨਾਲ ਲੜਨਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਅਤੇ ਸੁਖਬੀਰ ਬਾਦਲ ‘ਚ ਚੱਲੀ ਟਵੀਟ ਵਾਰ ਤੇ ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ‘ਚ ਕੁੱਝ ਨਹੀਂ ਕਹਾਂਗਾ ਪਰ ਮੁੱਖ ਮੰਤਰੀ ਕਰੋੜਾਂ ਰੁਪਏ ਇਸ਼ਤਿਹਾਰਾਂ ‘ਚ ਖਰਚ ਕਰ ਰਹੇ ਹਨ ਅਤੇ ਨਵੇਂ ਇਸ਼ਤਿਹਾਰ ਚ ਪੰਜਾਬ ‘ਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਉਲਟਾ ਪੰਜਾਬ ‘ਚ ਨਸ਼ਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਾਕਰ ਪੁਰੀ ਤਰ੍ਹਾਂ ਫੇਲ ਹੈ।