‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੋਟਕਪੁਰਾ ਫਾਇਰਿੰਗ ਕੇਸ ਵਿਚ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਹਨ। ਉਹਨਾਂ ਦੇ ਨਾਲ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ। ਸੁਖਬੀਰ ਬਾਦਲ ਐਸਆਈਟੀ ਸਾਹਮਣੇ ਦੂਜੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਵੀ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਐਸ ਆਈ ਟੀ ਸਾਹਮਣੇ ਪੇਸ਼ ਹੋਏ ਸਨ।

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਹਮੇਸ਼ਾ ਸਿੱਟ ਦਾ ਸਹਿਯੋਗ ਕੀਤਾ ਹੈ। ਪ੍ਰਬੋਧ ਕੁਮਾਰ ਵਾਲੀ ਐੱਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਆਪ ਸਰਕਾਰ ਉੱਤੇ ਨਿਸ਼ਾਨਾ ਕਸਦਿਆਂ ਮਜੀਠੀਆ ਨੇ ਕਿਹਾ ਕਿ ਸਰਾਰੀ ਬਾਰੇ ਅਸਿੱਧੇ ਤੌਰ ਉੱਤੇ ਜ਼ਿਕਰ ਕਰਦਿਆਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਅਨਮੋਲ ਹੀਰੇ ਚੁਣੇ ਹਨ ਪਰ ਅਨਮੋਲ ਹੀਰੇ ਦੀਆਂ ਹਰਕਤਾਂ ਤਾਂ ਹਰ ਕੋਈ ਦੇਖ ਹੀ ਰਿਹਾ ਹੈ। ਮਜੀਠੀਆ ਨੇ ਹਰਪਾਲ ਚੀਮਾ ਵੱਲੋਂ ਬੀਜੇਪੀ ਉੱਤੇ ਆਪ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨ ਲਈ ਰੱਖੇ ਗਏ ਬਜਟ ਵਾਲੇ ਬਿਆਨ ਉੱਤੇ ਤੰਜ ਕਸਦਿਆਂ ਕਿਹਾ ਕਿ ਹਰਪਾਲ ਚੀਮਾ ਲੱਗਦਾ ਭੁੱਲ ਗਏ ਹਨ ਕਿ ਉਹ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਨ ਨਾ ਕਿ ਭਾਜਪਾ ਦੇ ਖ਼ਜ਼ਾਨਚੀ। ਚੀਮਾ ਤਾਂ 1375 ਦੀ ਗੱਲ ਇਵੇਂ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਆਪ ਪੈਸੇ ਗਿਣ ਕੇ ਪਾਸੇ ਰੱਖੇ ਹਨ। ਕੀ ਇਨ੍ਹਾਂ ਦੇ ਵਿਧਾਇਕ ਏਨੇ ਹੀ ਮਾੜੇ ਹਨ ਕਿ ਵਿਕ ਜਾਣਗੇ। ਅੱਜ ਤੱਕ ਸਿੰਗਲਾ ਦੀ ਆਡੀਓ ਇਨ੍ਹਾਂ ਨੇ ਜਾਰੀ ਨਹੀਂ ਕੀਤੀ।

ਮਜੀਠੀਆ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਹਰਪਾਲ ਚੀਮਾ, ਮੁੱਖ ਮੰਤਰੀ ਭਗਵੰਤ ਮਾਨ, ਤਰਸੇਮ ਕਪੂਰ ਜੋਨੀ ਕਪੂਰ ਅਤੇ ਸਰਾਰੀ ਦਾ ਰਾਜ਼ੀਨਾਮਾ ਕਰਾ ਰਹੇ ਹਨ। ਮੁੱਖ ਮੰਤਰੀ ਦਫ਼ਤਰ ਇਸ ਸਭ ਵਿੱਚ ਸ਼ਾਮਿਲ ਹੈ। ਮਜੀਠੀਆ ਨੇ ਕਿਹਾ ਕਿ ਆਪ ਦੀ ਕੱਟੜ ਇਮਾਨਦਾਰੀ ਦਾ ਸਬੂਤ ਸਰਾਰੀ ਦੀ ਵਾਇਰਲ ਹੋਈ ਆਡੀਓ ਹੈ। ਸਿੰਗਲਾ, ਜਿਸਦੀ ਆਡੀਓ ਜਾਰੀ ਨਹੀਂ ਕੀਤੀ, ਉਸ ਖਿਲਾਫ਼ ਕਾਰਵਾਈ ਕੀਤੀ ਗਈ ਪਰ ਜਿਸਦੀ ਆਡੀਓ ਸਾਰੀ ਦੁਨੀਆ ਨੇ ਸੁਣ ਲਈ, ਉਸ ਖਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਦਾ ਆਪਰੇਸ਼ਨ ਕਵਰ ਅਪ ਸ਼ੁਰੂ ਹੋ ਗਿਆ ਹੈ। ਭ੍ਰਿਸ਼ਟਾਚਾਰ ਇਨ੍ਹਾਂ ਦਾ ਕੋਈ ਮੁੱਦਾ ਨਹੀਂ ਹੈ।