ਬਿਊਰੋ ਰਿਪੋਰਟ : 2017 ਅਤੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਬੁਰੀ ਹਾਰ ਤੋਂ ਬਾਅਦ ਜ਼ਿਮਨੀ ਚੋਣਾਂ ਵਿੱਚ ਪਾਰਟੀ ਦਾ ਬੁਰਾ ਹਾਲ ਹੋਇਆ। ਜਿਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਵਿੱਚ ਬਗਾਵਤ ਹੁੰਦੀ ਗਈ,ਨਤੀਜਾ ਇਹ ਹੋਇਆ ਕਿ ਬੀਬੀ ਜਗੀਰ ਕੌਰ,ਜਗਮੀਤ ਬਰਾੜ,ਚਰਨਜੀਤ ਸਿੰਘ ਅਟਵਾਲ,ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਦਿੱਗਜ ਆਗੂ ਪਾਰਟੀ ਨੂੰ ਅਲਵਿਦਾ ਕਹਿੰਦੇ ਰਹੇ । ਹੁਣ ਸੁਖਬੀਰ ਸਿੰਘ ਬਾਦਲ ਨੇ ਸਾਰੇ ਆਗੂਆਂ ਨੂੰ ਘਰ ਵਾਪਸੀ ਦੀ ਅਪੀਲ ਕੀਤੀ ਹੈ।
ਸੁਖਬੀਰ ਬਾਦਲ ਦੀ ਬਾਗ਼ੀਆਂ ਨੂੰ ਅਪੀਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ‘ਅਕਾਲੀ ਦਲ ਛੱਡ ਕੇ ਦੂਜੀ ਪਾਰਟੀਆਂ ਵਿੱਚ ਗਏ ਆਗੂਆਂ ਨੂੰ ਮੈਂ ਅਪੀਲ ਕਰਦਾ ਹਾਂ,ਘਰ ਵਾਪਸ ਆਉ,ਜੇਕਰ ਮੇਰੇ ਕੋਲੋ ਕੋਈ ਗਲਤੀ ਹੋਈ ਤਾਂ ਮੈਂ ਮੁਆਫੀ ਵੀ ਮੰਗ ਲੈਂਦਾ ਹਾਂ,ਪਰ ਮੈਂ ਚਾਹੁੰਦਾ ਹਾਂ ਕਿ ਸਾਡੀ ਮਾਂ ਪਾਰਟੀ ਤਕੜੀ ਹੋਵੇ। ਕਿਉਂਕਿ ਅਕਾਲੀ ਦਲ ਮਜ਼ਬੂਤ ਹੋਵੇਗਾ ਤਾਂ ਖਾਲਸਾ ਪੰਥ ਅਤੇ ਪੰਜਾਬੀਅਤ ਮਜ਼ਬੂਤ ਰਹੇਗੀ। ਉਨ੍ਹਾਂ ਕਿਹਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਾਰੇ ਧਰਮਾਂ ਦਾ ਜਿਸ ਤਰ੍ਹਾਂ ਸਤਿਕਾਰ ਹੁੰਦਾ ਸੀ ਉਸੇ ਤਰ੍ਹਾਂ ਅੱਗੇ ਵੀ ਜਾਰੀ ਰਹੇ ਇਸ ਲਈ ਸਾਰੇ ਨਰਾਜ਼ ਆਗੂਆਂ ਨੂੰ ਮੁੜ ਤੋਂ ਅਕਾਲੀ ਦਲ ਵਿੱਚ ਆਉਣਾ ਚਾਹੀਦਾ ਹੈ। ਸੁਖਬੀਰ ਸਿਘ ਬਾਦਲ ਦੀ ਇਸ ਅਪੀਲ ‘ਤੇ ਬਾਗੀ ਹੋਕੇ ਵੱਖਰੀ ਪਾਰਟੀ ਬਣਾਉਣ ਵਾਲੇ ਪਰਮਿੰਦਰ ਸਿੰਘ ਢੀਂਡਸਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ ।
ਢੀਂਡਸਾ ਦਾ ਸੁਖਬੀਰ ਬਾਦਲ ਦੀ ਅਪੀਲ ‘ਤੇ ਬਿਆਨ
ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਦਿਲੋਂ ਨਹੀਂ ਕਹੀ ਹੈ । ਇਹ ਸਿਰਫ਼ ਖਾਨਾਪੂਰਤੀ ਹੈ, ਉਨ੍ਹਾਂ ਨੇ ਸਵਾਲ ਕੀਤਾ ਕਿ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਝੂੰਡਾ ਕਮੇਟੀ ਨੇ ਜਿਹੜੀ ਰਿਪੋਰਟ ਪੇਸ਼ ਕੀਤਾ ਸੀ ਉਸ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ? ਢੀਂਡਸਾ ਨੇ ਪੁੱਛਿਆ ਜੇਕਰ 2012 ਦੀ ਜਿੱਤ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਦੇ ਸਿਰ ਦੇ ਬਝਿਆ ਸੀ ਤਾਂ 2017 ਅਤੇ 2022 ਦੀ ਹਾਰ ਤੋਂ ਉਹ ਕਿਵੇ ਪਿੱਛੇ ਹੱਟ ਸਕਦੇ ਸੀ ? ਉਨ੍ਹਾਂ ਨੇ ਅਸਤੀਫਾ ਕਿਉਂ ਨਹੀਂ ਦਿੱਤੀ ? ਕੀ ਪਾਰਟੀ ਵਿੱਚ ਕੋਈ ਕਾਬਿਲ ਆਦਮੀ ਨਹੀਂ ਸੀ ਜਿਹੜਾ ਪਾਰਟੀ ਨੂੰ ਚੱਲਾ ਸਕਦਾ ਸੀ ? ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਮੇਰੇ ਪਿਤਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਉਹ ਪਾਰਟੀ ਦੀ ਕਮਾਨ ਆਪਣੇ ਹੱਥ ਵਿੱਚ ਲੈਣ ਪਰ ਉਨ੍ਹਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ । ਅਕਾਲੀ ਦਲ ਦਾ ਬਹੁਤ ਚੰਗਾ ਇਤਿਹਾਸ ਰਿਹਾ ਹੈ, ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਹੱਟਣਾ ਚਾਹੀਦਾ ਹੈ ਫਿਰ ਹੀ ਘਰ ਵਾਪਸੀ ਬਾਰੇ ਸਾਰੇ ਆਗੂ ਸੋਚਣਗੇ ।