Punjab

ਸੁਖਬੀਰ ਬਾਦਲ ਤੇ ਬਲਬੀਰ ਰਾਜੇਵਾਲ ਨੇ ਕੀਤੀ ਗੁਪਤ ਮੀਟਿੰਗ, ਪੌਣਾ ਘੰਟਾ ਬੰਦ ਕਮਰੇ ਵਿੱਚ ਹੋਈ ਗੱਲਬਾਤ

ਬਿਊਰੋ ਰਿਪੋਰਟ (3 ਅਕਤੂਬਰ, 2025): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਅਚਾਨਕ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਘਰ ਸਮਰਾਲਾ ਪਹੁੰਚੇ। ਇੱਥੇ ਦੋਵੇਂ ਨੇ ਪੌਣਾ ਘੰਟਾ ਬੰਦ ਕਮਰੇ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ।

ਇਸ ਮੀਟਿੰਗ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਕਿਉਂਕਿ ਰਾਜੇਵਾਲ ਮੌਜੂਦਾ AAP ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਨ। ਸੀਐੱਮ ਭਗਵੰਤ ਮਾਨ ਕਈ ਵਾਰ ਕਿਸਾਨਾਂ ਦੇ ਰੋਡ ਜਾਮ ਕਰਨ ’ਤੇ ਸਵਾਲ ਉਠਾ ਚੁੱਕੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਜ਼ਬਰਦਸਤੀ ਹਟਵਾਇਆ ਸੀ।

ਮੀਟਿੰਗ ਤੋਂ ਬਾਅਦ ਸੁੱਖਬੀਰ ਬਾਦਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਰਾਜੇਵਾਲ ਦੀ ਸਿਹਤ ਦਾ ਹਾਲ ਜਾਣਨ ਆਏ ਸਨ। ਉਨ੍ਹਾਂ ਕਿਹਾ ਕਿ ਰਾਜੇਵਾਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਰਹੇ ਹਨ ਅਤੇ ਉਹ ਖੇਤੀਬਾੜੀ ਬਾਰੇ ਕੀਮਤੀ ਤਜਰਬਾ ਰੱਖਦੇ ਹਨ। ਉਹ ਖੇਤੀਬਾੜੀ ਨੂੰ ਮੁਨਾਫ਼ੇਦਾਰ ਧੰਦਾ ਬਣਾਉਣ ਬਾਰੇ ਗੱਲਬਾਤ ਕਰਨ ਆਏ ਸਨ।

ਉੱਧਰ ਰਾਜੇਵਾਲ ਨੇ ਕਿਹਾ ਕਿ ਇਹ ਇੱਕ ਨਿੱਜੀ ਮੁਲਾਕਾਤ ਸੀ। ਇਸ ਦੌਰਾਨ ਉਹਨਾਂ ਨੇ ਅਕਾਲੀ ਦਲ ਦੇ ਟੁੱਟਣ ਅਤੇ ਨਵੀਂ ਇਕਜੁਟਤਾ ਬਣਾਉਣ ਬਾਰੇ ਆਪਣੀ ਰਾਏ ਜ਼ਰੂਰ ਦਿੱਤੀ, ਪਰ ਕੋਈ ਹੋਰ ਸਿਆਸੀ ਚਰਚਾ ਨਹੀਂ ਹੋਈ।