International

ਪਾਕਿਸਤਾਨੀ ਫ਼ੌਜੀ ਚੌਕੀ ’ਤੇ ਆਤਮਘਾਤੀ ਹਮਲਾ, 17 ਜਵਾਨ ਹੋਏ ਸ਼ਹੀਦ

ਪਾਕਿਸਤਾਨ ‘ਚ ਬੁੱਧਵਾਰ ਨੂੰ ਵੱਡਾ ਆਤਮਘਾਤੀ ਹਮਲਾ ਹੋਇਆ। ਅੱਤਵਾਦੀਆਂ ਨੇ ਬੁੱਧਵਾਰ ਦੁਪਹਿਰ 2 ਵਜੇ ਉੱਤਰ-ਪੱਛਮ ‘ਚ ਇਕ ਚੌਕੀ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਦੇ ਇਸ ਆਤਮਘਾਤੀ ਹਮਲੇ ‘ਚ 17 ਜਵਾਨ ਸ਼ਹੀਦ ਹੋ ਗਏ ਹਨ।

ਪਾਕਿਸਤਾਨੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਉੱਤਰੀ ਖੈਬਰ ਪਖਤੂਨਖਵਾ ਸੂਬੇ ‘ਚ ਚੌਕੀ ‘ਤੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਹਮਲੇ ‘ਚ 17 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਹੋਰ ਜ਼ਖਮੀ ਹੋਏ ਹਨ।

ਪਾਕਿਸਤਾਨੀ ਫ਼ੌਜ ਨੇ ਅਧਿਕਾਰਤ ਬਿਆਨ ’ਚ ਕਿਹਾ ਕਿ ਇਲਾਕੇ ’ਚ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨਾਲ ਅਤਿਵਾਦੀਆਂ ’ਚ ਡਰ ਪੈਦਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਇਹ ਘਿਨਾਉਣੀ ਹਰਕਤ ਕੀਤੀ। ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।

ਛੇ ਅੱਤਵਾਦੀ ਮਾਰੇ ਗਏ

ਪਾਕਿਸਤਾਨੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਆਪਰੇਸ਼ਨ ‘ਚ 6 ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਫੌਜ ਨੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਹਮਲੇ ਦੇ ਪਿੱਛੇ ਕੌਣ ਸੀ, ਪਰ ਇਸਲਾਮਿਕ ਅੱਤਵਾਦੀ ਸਮੂਹ ਹਾਫਿਜ਼ ਗੁਲ ਬਹਾਦੁਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਇਸ ਤੋਂ ਪਹਿਲਾਂ ਵੀ ਪਾਕਿ ਫੌਜ ਦੀ ਚੌਕੀ ‘ਤੇ ਹਮਲੇ ਹੋਏ ਹਨ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕਲਾਤ ਜ਼ਿਲੇ ‘ਚ ਇਕ ਸੁਰੱਖਿਆ ਚੌਕੀ ‘ਤੇ ਹੋਏ ਘਾਤਕ ਹਮਲੇ ‘ਚ ਸੁਰੱਖਿਆ ਕਰਮਚਾਰੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 10 ਹੋਰ ਜ਼ਖਮੀ ਹੋ ਗਏ ਸਨ।