ਬਿਊਰੋ ਰਿਪੋਰਟ (11 ਨਵੰਬਰ, 2025): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜ਼ਿਲ੍ਹਾ ਅਦਾਲਤ ਦੇ ਨੇੜੇ ਮੰਗਲਵਾਰ ਦੁਪਹਿਰ 1 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋਈ ਹੈ, ਜਦਕਿ 21 ਲੋਕ ਜ਼ਖਮੀ ਹੋਏ ਹਨ।
ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਹ ਪੁਲਿਸ ਲਾਈਨਜ਼ ਹੈੱਡਕੁਆਰਟਰ ਤੱਕ ਸੁਣੀ ਗਈ, ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਟੀਮ ਅਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚੇ ਅਤੇ ਪੂਰੇ ਖੇਤਰ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਅਦਾਲਤ ਦੇ ਪਾਰਕਿੰਗ ਖੇਤਰ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਹੋਇਆ। ਵਿਸਫੋਟ ਨਾਲ ਕਈ ਵਾਹਨ ਨੁਕਸਾਨੇ ਗਏ ਹਨ। ਸੁਰੱਖਿਆ ਏਜੰਸੀਆਂ ਅਤੇ ਬੰਬ ਨਿਰੋਧਕ ਦਸਤਾ ਮਲਬੇ ਦੀ ਜਾਂਚ ਕਰ ਰਹੇ ਹਨ।
ਪਾਕਿਸਤਾਨੀ ਜੀਓ ਨਿਊਜ਼ (Geo News) ਮੁਤਾਬਕ, ਇਹ ਵਿਸਫੋਟ ਇੱਕ ਆਤਮਘਾਤੀ ਹਮਲਾ (Suicide Attack) ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦਾ ਸਿਰ ਘਟਨਾ ਸਥਾਨ ‘ਤੇ ਮਿਲਿਆ ਹੈ, ਜਿਸ ਨਾਲ ਆਤਮਘਾਤੀ ਹਮਲੇ ਦੀ ਪੁਸ਼ਟੀ ਹੋਈ ਹੈ।

