ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਕਿਸਾਨ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਨੇ ਗੰਨਾ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬੁੱਧਵਾਰ ਨੂੰ ਗੰਨੇ ਦੀ ਐੱਫਆਰਪੀ 25 ਰੁਪਏ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੰਨੇ ਦੀ ਐਫਆਰਪੀ ਵਧਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਲਿਆ ਗਿਆ।
ਕੇਂਦਰ ਨੇ 2024-25 ਸੀਜ਼ਨ (ਅਕਤੂਬਰ-ਸਤੰਬਰ) ਲਈ ਗੰਨੇ ਦੇ ਉਚਿਤ ਅਤੇ ਲਾਭਕਾਰੀ ਮੁੱਲ (FRP) ਵਿੱਚ 25 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਸਾਲ ਐਫਆਰਪੀ ਵਿੱਚ 10 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਸੀ। ਗੰਨੇ ਦਾ ਨਵਾਂ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਉਚਿਤ ਅਤੇ ਲਾਭਕਾਰੀ ਮੁੱਲ (FRP) ਉਹ ਘੱਟੋ-ਘੱਟ ਕੀਮਤ ਹੈ ਜੋ ਮਿੱਲਾਂ ਨੂੰ ਗੰਨਾ ਉਤਪਾਦਕਾਂ ਨੂੰ ਅਦਾ ਕਰਨੀ ਪੈਂਦੀ ਹੈ।
Fulfilling our commitment to double farmers income and ensuring that they get the right price for their crop, #Cabinet, under the leadership of Hon’ble PM Shri @narendramodi ji, has approved the Fair and Remunerative Price (FRP) for sugarcane at ₹340/quintal.
At 107% higher… pic.twitter.com/NJ5XlwvbG4
— Anurag Thakur (@ianuragthakur) February 21, 2024
ਦੱਸ ਦੇਈਏ ਕਿ ਉਚਿਤ ਅਤੇ ਲਾਭਕਾਰੀ ਮੁੱਲ (FRP) ਖੰਡ ਮਿੱਲਾਂ ਵੱਲੋਂ ਕਿਸਾਨਾਂ ਨੂੰ ਗੰਨਾ ਖਰੀਦਣ ਲਈ ਅਦਾ ਕੀਤੀ ਜਾਣ ਵਾਲੀ ਘੱਟੋ-ਘੱਟ ਕੀਮਤ ਹੈ। ਹਾਲਾਂਕਿ, ਕੁਝ ਸੂਬੇ ਜਿਵੇਂ ਕਿ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਸਟੇਟ ਐਡਵਾਈਜ਼ਡ ਪ੍ਰਾਈਸ (ਐਸਏਪੀ) ਦੇ ਤਹਿਤ ਉੱਚ ਦਰਾਂ ਦਾ ਐਲਾਨ ਕਰਦੇ ਹਨ, ਉਹਨਾਂ ਸੂਬਿਆਂ ਵਿੱਚ ਮਿੱਲਾਂ ਰਾਜ ਦੀਆਂ ਨਿਰਧਾਰਤ ਦਰਾਂ ਦੀ ਪਾਲਣਾ ਕਰਦੀਆਂ ਹਨ।
ਗੰਨੇ ਦੀ ਇਤਿਹਾਸਕ ਕੀਮਤ : ਅਨੁਰਾਗ ਠਾਕੁਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਐਫਆਰਪੀ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਗੰਨੇ ਦੀ ਇਤਿਹਾਸਕ ਕੀਮਤ ਹੈ, ਜੋ ਕਿ ਗੰਨੇ ਦੀ ਐਫਆਰਪੀ ਨਾਲੋਂ ਕਰੀਬ 8 ਫੀਸਦੀ ਵੱਧ ਹੈ। ਮੌਜੂਦਾ ਸੀਜ਼ਨ 2023-24 ਲਈ ਗੰਨੇ ਲਈ ਸੋਧੀ ਹੋਈ FRP 1 ਅਕਤੂਬਰ, 2024 ਤੋਂ ਲਾਗੂ ਹੋਵੇਗੀ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਭਾਰਤ ਪਹਿਲਾਂ ਹੀ ਵਿਸ਼ਵ ਵਿੱਚ ਗੰਨੇ ਦੀ ਸਭ ਤੋਂ ਵੱਧ ਕੀਮਤ ਅਦਾ ਕਰ ਰਿਹਾ ਹੈ ਅਤੇ ਇਸ ਦੇ ਬਾਵਜੂਦ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਵਿਸ਼ਵ ਦੀ ਸਭ ਤੋਂ ਸਸਤੀ ਖੰਡ ਯਕੀਨੀ ਬਣਾਈ ਹੈ। ਇਸ ਵਾਧੇ ਨਾਲ ਪੰਜ ਕਰੋੜ ਤੋਂ ਵੱਧ ਗੰਨਾ ਕਿਸਾਨਾਂ (ਪਰਿਵਾਰਕ ਮੈਂਬਰਾਂ ਸਮੇਤ) ਨੂੰ ਫਾਇਦਾ ਹੋਵੇਗਾ। ਸਰਕਾਰ ਦਾ ਇਹ ਫੈਸਲਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਮੋਦੀ ਕੀ ਗਰੰਟੀ ਦੀ ਪੂਰਤੀ ਦੀ ਮੁੜ ਪੁਸ਼ਟੀ ਕਰਦਾ ਹੈ।
ਪੰਜਾਬ ਵਿੱਚ ਗੰਨੇ ਦਾ ਭਾਅ 391 ਰੁਪਏ ਪ੍ਰਤੀ ਕੁਇੰਟਲ
ਪੰਜਾਬ ਵਿੱਚ ਗੰਨੇ ਦੇ ਭਾਅ 391 ਰੁਪਏ ਪ੍ਰਤੀ ਕੁਇੰਟਲ ਹੈ। ਜਿਹੜਾ ਕਿ ਪਿਛਲੇ ਸਾਲ ਦਸੰਬਰ ਵਿੱਚ ਭਗਵੰਤ ਮਾਨ ਸਰਕਾਰ ਨੇ 380 ਤੋਂ 11 ਰੁਪਏ ਦਾ ਵਾਧਾ ਕਰਕੇ 391 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਸੀ। ਜਦਕਿ ਪੰਜਾਬ ਦੇ ਗੰਨਾ ਕਿਸਾਨ 450 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਸਨ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਗੰਨੇ ਦਾ 391 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਦੇਸ਼ ਵਿੱਚ ਸਭ ਤੋਂ ਵੱਧ ਹੈ।