ਬਿਊਰੋ ਰਿਪੋਰਟ (ਚੰਡੀਗੜ੍ਹ, 29 ਜਨਵਰੀ 2026): ਪੰਜਾਬ ਦੇ ਨਾਮੀ ਸੂਫ਼ੀ ਗਾਇਕ ਅਤੇ ਦਿੱਲੀ ਦੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਸਾਰਾ ਧਿਆਨ ਸਿਰਫ਼ ਆਪਣੇ ਸੰਗੀਤ ਅਤੇ ਰਿਆਜ਼ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਚੋਣਾਂ ਹੋ ਰਹੀਆਂ ਹਨ ਜਾਂ ਕੌਣ ਜਿੱਤ ਰਿਹਾ ਹੈ।
ਹੰਸ ਰਾਜ ਹੰਸ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜਾਤੀਵਾਦ ਦੇ ਵਿਰੁੱਧ ਸਨ ਅਤੇ ਗਰੀਬਾਂ ਦੇ ਰਹਿਬਰ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਦਿੱਤਾ ‘ਬੇਗਮਪੁਰਾ’ ਦਾ ਸੰਕਲਪ ਇੱਕ ਰਾਸ਼ਟਰੀ ਗੀਤ ਬਣਨ ਦੇ ਯੋਗ ਹੈ, ਜੋ ਬਿਨਾਂ ਕਿਸੇ ਗ਼ਮ ਦੇ ਸ਼ਹਿਰ ਦੀ ਗੱਲ ਕਰਦਾ ਹੈ।
ਧਮਕੀਆਂ ’ਤੇ ਜਤਾਈ ਚਿੰਤਾ:
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਗਰਮਖਿਆਲੀ ਜਥੇਬੰਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀਆਂ ਅਫ਼ਵਾਹਾਂ ’ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟਾਈ। ਹੰਸ ਨੇ ਕਿਹਾ ਕਿ ਪੰਜਾਬ ਆਉਣ ਵਾਲੇ ਹਰ ਸ਼ਖ਼ਸ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਉਹ ਪ੍ਰਾਰਥਨਾ ਕਰਦੇ ਹਨ ਕਿ ਪੰਜਾਬ ਵਿੱਚ ਕਦੇ ਵੀ ਕੋਈ ਦੁਖਦਾਈ ਖ਼ਬਰ ਨਾ ਸੁਣਨ ਨੂੰ ਮਿਲੇ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਬਾਦਸ਼ਾਹ ਨੂੰ ਬਾਦਸ਼ਾਹ ਦੀ ਮਰਜ਼ੀ ਨਾਲ ਹੀ ਮਿਲਿਆ ਜਾ ਸਕਦਾ ਹੈ, ਪਰ ਫਿਲਹਾਲ ਉਹ ਸਿਆਸਤ ਦੀ ਬਜਾਏ ਆਪਣੀ ਗਾਇਕੀ ਵੱਲ ਮੁੜ ਰਹੇ ਹਨ।

