Punjab

ਜਲੰਧਰ ਵਿੱਚ ਭਿਆਨਕ ਧਮਾਕਾ, 1 ਦੀ ਮੌਤ, 2 ਗੰਭੀਰ ਜ਼ਖ਼ਮੀ

ਬਿਊਰੋ ਰਿਪੋਰਟ (ਜਲੰਧਰ, 14 ਦਸੰਬਰ 2025): ਜਲੰਧਰ ਸ਼ਹਿਰ ਦੇ ਸੰਤੋਖਪੁਰਾ ਖੇਤਰ ਵਿੱਚ ਇੱਕ ਕਬਾੜ ਦੇ ਗੋਦਾਮ ਵਿੱਚ ਅਚਾਨਕ ਭਿਆਨਕ ਧਮਾਕਾ ਹੋ ਗਿਆ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਸੰਤੋਖਪੁਰਾ ਨਿਵਾਸੀ ਰਜਿੰਦਰ ਵਜੋਂ ਹੋਈ ਹੈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਈ ਘਰਾਂ ਦੀਆਂ ਦੀਵਾਰਾਂ ਤੱਕ ਹਿੱਲ ਗਈਆਂ। ਸਥਾਨਕ ਲੋਕਾਂ ਅਨੁਸਾਰ, ਧਮਾਕੇ ਦੀ ਆਵਾਜ਼ ਲਗਭਗ 1 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਕਿਸ਼ਨਪੁਰਾ ਦੇ ਰਹਿਣ ਵਾਲੇ ਜੌਗੀ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਹਿਸੂਸ ਹੋਇਆ ਜਿਵੇਂ ਕੋਈ ਬੰਬ ਬਲਾਸਟ ਹੋਇਆ ਹੋਵੇ। ਹਾਦਸੇ ਤੋਂ ਬਾਅਦ ਥਾਣਾ-8 ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸਥਾਨਕ ਲੋਕਾਂ ਦੇ ਵੱਖ-ਵੱਖ ਦਾਅਵੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਸਿਲੰਡਰ ਫਟਣ ਕਾਰਨ ਹੋਇਆ, ਜਦਕਿ ਕਬਾੜ ਦਾ ਗੋਦਾਮ ਹੋਣ ਕਾਰਨ ਕੁਝ ਲੋਕਾਂ ਨੇ ਸ਼ੱਕ ਜਤਾਇਆ ਕਿ ਗੋਦਾਮ ਵਿੱਚ ਕੋਈ ਗ੍ਰੇਨੇਡ ਜਾਂ ਹੋਰ ਵਿਸਫੋਟਕ ਪਦਾਰਥ ਹੋ ਸਕਦਾ ਹੈ।

ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਲਾਸਟ ਕਿਸ ਚੀਜ਼ ਵਿੱਚ ਹੋਇਆ ਹੈ।