International

ਸੂਡਾਨ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੂਡਾਨ ਦੇ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਨੇ ਫ਼ੌਜ ਦੇ ਨਾਲ ਇੱਕ ਵਿਵਾਦਿਤ ਸਮਝੌਤਾ ਹੋਣ ਤੋਂ ਬਾਅਦ ਆਪਣੇ ਅਸਤੀਫ਼ਾ ਦੇ ਦਿੱਤਾ ਹੈ। ਸੂਡਾਨ ਦੀ ਫ਼ੌਜ ਨੇ ਬੀਤੇ ਸਾਲ ਅਕਤੂਬਰ ਵਿੱਚ ਸੱਤਾ ‘ਤੇ ਕਬਜ਼ਾ ਕਰ ਲਿਆ ਹੈ ਅਤੇ ਹਮਦੋਕ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਪਰ ਇਸ ਤਖ਼ਤਾਪਲਟ ਤੋਂ ਬਾਅਦ ਪ੍ਰਧਾਨ ਮੰਤਰੀ ਹਮਦੋਕ ਅਤੇ ਫ਼ੌਜ ਦੇ ਵਿਚਕਾਰ ਸੱਤਾ ਦੀ ਸਾਂਝੇਦਾਰੀ ਨੂੰ ਲੈ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ।

ਇਸ ਸਮਝੌਤੇ ਅਤੇ ਫ਼ੌਜ ਦੇ ਦਖਲ ਨੂੰ ਲੈ ਕੇ ਆਮ ਲੋਕਾਂ ਵੱਲੋਂ ਪ੍ਰਦਰਸ਼ ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ ਨਕਾਰੀ, ਫ਼ੌਜ਼ ਅਤੇ ਰਾਜਨੀਤਿਕ ਲੀਡਰ ਵਿਚਕਾਰ ਹੋਏ ਇਸ ਸਮਝੌਤੇ ਨੂੰ ਖ਼ਾਰਜ ਕਰਕੇ ਦੇਸ਼ ਵਿੱਚ ਪੂਰੀ ਤਰ੍ਹਾਂ ਨਾਗਰਿਕ ਸ਼ਾਸਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਅਬਦੁੱਲਾ ਹਮਦੋਕ ਦੇ ਅਸਤੀਫ਼ੇ ਦੇਣ ਤੋਂ ਬਾਅਦ ਦੂਜੇ ਦਿਨ ਵੀ ਪ੍ਰਦਰਸ਼ਨ ਹੋਇਆ, ਜਿਸ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਚੈਨਲ ਵਿੱਚ ਹਮਦੋਕ ਨੇ ਕਿਹਾ ਕਿ ਸੂਡਾਨ ਇੱਕ ਇਸ ਤਰ੍ਹਾਂ ਦੇ ਖ਼ਤਰਨਾਕ ਮੋਡ ‘ਤੇ ਸੀ ਜਿਸਨੇ ਇਸਦੀ ਪੂਰੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਨੂੰ ਬਰਬਾਦੀ ਵੱਲ ਜਾਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ, ਸਹਿਮਤੀ ਤੱਕ ਪਹੁੰਚਣ ਦੇ ਲਈ ਜੋ ਕੁੱਝ ਵੀ ਕਰਨਾ ਪਿਆ, ਮੈਂ ਕੀਤਾ ਪਰ ਉਸਦੇ ਬਾਵਜੂਦ ਇਸ ਤਰ੍ਹਾਂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੈਂ ਜ਼ਿੰਮੇਵਾਰੀ ਸੌਂਪਣ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਹੋਰ ਪੁਰਸ਼ ਜਾਂ ਔਰਤ ਨੂੰ ਇਹ ਦੇਸ਼ ਚਲਾਉਣ ਦਾ ਮੌਕਾ ਦੇ ਰਿਹਾ ਹਾਂ। ਕਿਰਪਾ ਕਰਕੇ ਸੱਤਾ ਦੇ ਇਸ ਤਬਾਦਲੇ ਵਿੱਚ ਮੇਰਾ ਸਹਿਯੋਗ ਕਰੋ।