‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਅਗਸਤ ਨੂੰ ਗੁਰਦਾਸਪੁਰ ਜ਼ਿਲੇ ਦੇ ਪਿੰਡ ਗੜ੍ਹੀ ਗੁਰਦਾਸ ਨੰਗਲ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਤਿੰਨ ਕਰਮਚਾਰੀਆਂ ਨੂੰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪੰਜ ਪਿਆਰਿਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਹੋਏ ਸੁੱਚਾ ਸਿੰਘ ਲੰਗਾਹ ਨੂੰ ਮੁਆਫ ਕਰਕੇ ਅਖੌਤੀ ਨਿਹੰਗਾਂ ਰਾਹੀਂ ਅੰਮ੍ਰਿਤ ਛਕਾ ਕੇ ਗੁਰੂ ਪੰਥ ਵਿੱਚ ਸ਼ਾਮਲ ਕਰਨ ਦੀ ਕੌਸ਼ਿਸ਼ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਲੌਂਗੋਵਾਲ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਕਿਹਾ ਕਿ ਤਿੰਨ ਕਰਮਚਾਰੀਆਂ- ਰਛਪਾਲ ਸਿੰਘ (ਇੰਚਾਰਜ), ਭਾਈ ਖੁਸ਼ਵੰਤ ਸਿੰਘ (ਗ੍ਰੰਥੀ) ਅਤੇ ਭਾਈ ਹਰਮੀਤ ਸਿੰਘ (ਪ੍ਰਚਾਰਕ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੌਂਗੋਵਾਲ ਨੇ ਕਿਹਾ ਕਿ ਜਾਂਚ ਕਮੇਟੀ, ਜਿਸ ਵਿੱਚ ਉਡਾਣ ਵਿਭਾਗ ਦੇ ਅਧਿਕਾਰੀ, ਸੀਨੀਅਰ ਪ੍ਰਚਾਰਕ ਅਤੇ ਹੋਰ ਮੈਂਬਰ ਸ਼ਾਮਲ ਹਨ, 4 ਅਗਸਤ ਨੂੰ ਇਸ ਗੁਰਦੁਆਰੇ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਏਗੀ।
2017 ਵਿੱਚ ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਉਸਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ। ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਉਸਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਤਿੰਨ ਵਾਰ ਮੁਆਫੀ ਦੀ ਬੇਨਤੀ ਕੀਤੀ ਪਰ ਉਸਨੂੰ ਮੁਆਫ਼ ਨਹੀਂ ਕੀਤਾ ਗਿਆ।
ਇਸ ਲਈ ਉਹ 3 ਅਗਸਤ ਨੂੰ ਗੜ੍ਹੀ ਗੁਰਦਾਸ ਨੰਗਲ ਪਿੰਡ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਆਪਣੇ ਪਰਿਵਾਰ ਸਮੇਤ ਪੰਜ ਪਿਆਰਿਆਂ ਅੱਗੇ ਆਪਣੇ ਅਨੈਤਿਕ ਕੰਮ ਲਈ ਮੁਆਫੀ ਮੰਗਣ ਲਈ ਪੇਸ਼ ਹੋਇਆ। ਉਸ ਦੀ ਬੇਨਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜ ਪਿਆਰਿਆਂ ਨੇ ਉਸ ਨੂੰ21 ਦਿਨਾਂ ਲਈ ਇੱਕ ਘੰਟੇ ਲਈ ਗੁਰਦੁਆਰੇ ਵਿੱਚ ਸਫਾਈ ਕਰਨ ਦੀ ਤਨਖਾਹ (ਧਾਰਮਿਕ ਸਜ਼ਾ) ਲਾ ਕੇ ਅੰਮ੍ਰਿਤ ਛਕਾ ਦਿੱਤਾ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸਦੇ ਖਿਲਾਫ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮ ਬਰਕਰਾਰ ਹੈ। 4 ਅਗਸਤ ਨੂੰ ਸਿੱਖ ਸੰਗਠਨਾਂ ਦੇ ਮੈਂਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਬਾਰੇ ਵਿਚਾਰ ਕਰਨਗੇ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ‘ਤੇ ਹੁਣ ਕਈ ਸਵਾਲ ਵੀ ਉੱਠ ਰਹੇ ਹਨ ਕਿ ਜਦੋਂ ਕਿਸੇ ਬੰਦੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ਵਿੱਚੋਂ ਛੇਕ ਦਿੱਤਾ ਹੋਵੇ ਤਾਂ ਕੋਈ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੇ ਉਲਟ ਜਾ ਕੇ ਉਸ ਬੰਦੇ ਨੂੰ ਸਿੱਖ ਪੰਥ ਵਿੱਚ ਸ਼ਾਮਲ ਕਿਵੇਂ ਕਰ ਸਕਦਾ ਹੈ ?