Punjab

ਮਾੜੀ ਸੜਕ ਬਣਾਉਣ ’ਤੇ JE ਮੁਅੱਤਲ, SDO ਨੂੰ ਨੋਟਿਸ, CM ਫਲਾਇੰਗ ਸਕੁਐਡ ਨੇ ਪੁੱਟੀ ਸੜਕ

ਬਿਊਰੋ ਰਿਪੋਰਟ (ਮਾਨਸਾ, 17 ਨਵੰਬਰ 2025): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਨਿਰਮਾਣ ਦੀ ਜਾਂਚ ਲਈ ਗਠਿਤ ਕੀਤੀ ਗਈ ਫਲਾਇੰਗ ਸਕੁਐਡ ਹਰਕਤ ਵਿੱਚ ਆ ਗਈ ਹੈ। ਫਲਾਇੰਗ ਸਕੁਐਡ ਨੂੰ ਮਾਨਸਾ ਵਿੱਚ ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ ’ਤੇ ਅਚਨਚੇਤ ਨਿਰੀਖਣ ਦੌਰਾਨ ਕਈ ਖਾਮੀਆਂ ਮਿਲੀਆਂ। ਸੜਕ ਦੀ ਮਾੜੀ ਕੁਆਲਿਟੀ ਦੇ ਮੱਦੇਨਜ਼ਰ, ਫਲਾਇੰਗ ਸਕੁਐਡ ਨੇ ਪੰਜਾਬ ਮੰਡੀ ਬੋਰਡ ਦੇ ਜੇ.ਈ. ਗੁਰਪ੍ਰੀਤ ਸਿੰਘ ਨੂੰ ਤੁਰੰਤ ਬਰਖਾਸਤ ਕਰ ਦਿੱਤਾ।

ਇਸ ਦੇ ਨਾਲ ਹੀ, ਸਬੰਧਤ ਐਸ.ਡੀ.ਓ. (SDO) ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਐਸ.ਡੀ.ਓ. ਦੇ ਅਧੀਨ ਆਉਂਦੇ ਸਾਰੇ ਕਾਰਜ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਹਨ। ਟੀਮ ਸੋਮਵਾਰ ਨੂੰ ਭੀਖੀ ਪਹੁੰਚੀ ਸੀ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰ ਵੀ ਮੌਜੂਦ ਸਨ।

“ਹੈਵੀ ਟ੍ਰੈਫਿਕ ਨਿਕਲੇਗਾ ਤਾਂ ਸੜਕ ਟੁੱਟ ਜਾਵੇਗੀ”

ਟੀਮ ਨੇ ਚੈਕਿੰਗ ਦੌਰਾਨ ਐਸ.ਡੀ.ਓ. ਨੂੰ ਕਿਹਾ ਕਿ “ਬੰਨ੍ਹ (ਬਰਮ) ਦੇ ਨਾਲ ਕੁਝ ਤਾਂ ਲਗਾਓ, ਜਦੋਂ ਭਾਰੀ ਟ੍ਰੈਫਿਕ ਲੰਘੇਗਾ, ਤਾਂ ਸੜਕ ਟੁੱਟ ਜਾਵੇਗੀ।” ਇਸ ਤੋਂ ਬਾਅਦ ਟੀਮ ਨੇ ਸੜਕ ਦੇ ਸੈਂਪਲ ਲਏ। ਇੱਕ ਵਰਗ ਗਜ਼ ਖੇਤਰ ਦੀ ਪੈਮਾਇਸ਼ ਕਰਕੇ ਸੜਕ ਨੂੰ ਪੁੱਟਿਆ ਗਿਆ ਅਤੇ ਉਸ ਵਿੱਚੋਂ ਅਲਕਤਾਰਾ (ਲੁੱਕ) ਕੱਢੀ ਗਈ। ਠੇਕੇਦਾਰ ਤੋਂ ਵੀ ਕੰਮ ਦੀ ਗੁਣਵੱਤਾ ਬਾਰੇ ਸਵਾਲ ਪੁੱਛੇ ਗਏ।