ਚੰਡੀਗੜ੍ਹ : ਪਰਾਲੀ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਕਦਮ ਪੁੱਟਿਆ ਗਿਆ ਹੈ। ਸਰਕਾਰ ਨੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਉੱਤੇ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਤੋਂ ਅਰਜ਼ੀਆਂ ਮੰਗੀਆਂ ਹਨ।
ਇਹ ਸਬਸਿਡੀ ਪਰਾਲੀ ਪ੍ਰਬੰਧਨ, ਬੇਲਰ ਅਤੇ ਰੇਕ, ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ., ਪਲਾਊ, ਪੈਡੀ ਚੋਪਰ, ਜ਼ੀਰੋ ਡਰਿੱਲ, ਸੁਪਰ ਐਸ.ਐਮ.ਐਸ. ਲਈ ਮਸ਼ੀਨਰੀ ਖਰੀਦਣ ਲਈ ਦਿੱਤੀ ਜਾਵੇਗੀ। ਸਰਕਾਰ ਨੇ ਕਿਸਾਨਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਸਬਸਿਡੀ ਹਾਸਲ ਕਰਨ ਲਈ 20 ਜੁਲਾਈ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਪੋਰਟਲ agrimachinerypb.com ‘ਤੇ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ।
ਮਸ਼ੀਨ ਖਰੀਦਣ ਤੋਂ ਪਹਿਲਾਂ ਰੱਖਣਾ ਇਸ ਗੱਲ ਦਾ ਧਿਆਨ
ਇੱਥੇ ਧਿਆਨ ਦੇਣ ਵਾਲੀ ਗੱਲ਼ ਹੈ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਰਕਾਰ ਤੋਂ ਰਜਿਸਟਰਡ ਡੀਲਰ ਤੋਂ ਖਰੀਦੀ ਗਈ ਮਸ਼ੀਨਰੀ ‘ਤੇ ਸਬਸਿਡੀ ਮਿਲੇਗੀ। ਬਿਨੈਕਾਰਾਂ ਨੂੰ ਮਸ਼ੀਨਾਂ ਦੀ ਖਰੀਦ ਲਈ ਪੋਰਟਲ ਰਾਹੀਂ ਪ੍ਰਵਾਨਗੀ ਪੱਤਰ ਜਾਰੀ ਕੀਤੇ ਜਾਣਗੇ। ਲਾਭਪਾਤਰੀ ਕਿਸਾਨਾਂ ਨੂੰ ਵਿਭਾਗ ਵੱਲੋਂ ਪ੍ਰਵਾਨਿਤ ਅਤੇ ਪੋਰਟਲ ‘ਤੇ ਰਜਿਸਟਰਡ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਤੋਂ ਨਿਰਧਾਰਤ ਸਮੇਂ ਅੰਦਰ ਆਪਣੀ ਪਸੰਦ ਦੀਆਂ ਮਸ਼ੀਨਾਂ ਖਰੀਦਣੀਆਂ ਪੈਣਗੀਆਂ।
ਸਕੀਮ ਸਬੰਧੀ ਵਧੇਰੇ ਜਾਣਕਾਰੀ ਵਿਭਾਗ ਦੇ ਪੋਰਟਲ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਮੁੱਖ ਖੇਤੀਬਾੜੀ ਦਫ਼ਤਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹੋ। ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਅਤੇ ਜ਼ੀਰੋ ਬਰਨਿੰਗ ਦਾ ਟੀਚਾ ਹਾਸਲ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ।
ਇਹ ਦਸਤਾਵੇਜ਼ ਹੋਣੇ ਜ਼ਰੂਰੀ
ਪੋਰਟਲ ਰਾਹੀਂ ਅਪਲਾਈ ਕਰਨ ਲਈ ਕਿਸਾਨ ਕੋਲ ਆਧਾਰ ਕਾਰਡ, ਫੋਟੋ, ਅਨੁਸੂਚਿਤ ਜਾਤੀ ਸਰਟੀਫਿਕੇਟ (ਜੇਕਰ ਲਾਗੂ ਹੋਵੇ), ਸਵੈ-ਘੋਸ਼ਣਾ ਪੱਤਰ ਹੋਣਾ ਜ਼ਰੂਰੀ ਹੈ। ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਐੱਫ.ਪੀ.ਓਜ਼ ਦੇ ਮੁਖੀ ਅਤੇ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ।