India

ਸ਼ੁਭਾਂਸ਼ੂ ਸ਼ੁਕਲਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 7 ਲੋਕ ਕਲਿਆਣ ਮਾਰਗ ‘ਤੇ ਮੁਲਾਕਾਤ ਕੀਤੀ। ਇਸ ਮੌਕੇ ਸ਼ੁਭਾਂਸ਼ੂ ਨੇ ਪ੍ਰਧਾਨ ਮੰਤਰੀ ਨੂੰ ਉਹ ਤਿਰੰਗਾ ਭੇਟ ਕੀਤਾ, ਜੋ ਉਹ ਐਕਸੀਓਮ-4 ਮਿਸ਼ਨ ਦੌਰਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਲੈ ਕੇ ਗਏ ਸਨ।

ਇਹ ਤਿਰੰਗਾ ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨਾਂ ਦੇ ਨਵੇਂ ਯੁੱਗ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸ਼ੁਭਾਂਸ਼ੂ ਦਾ ਜੱਫੀ ਪਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀਆਂ ਤਕਨੀਕੀ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸ਼ੁਭਾਂਸ਼ੂ ਨੇ ਮੋਦੀ ਨੂੰ ਮਿਸ਼ਨ ਦੌਰਾਨ ਖਿੱਚੀਆਂ ਤਸਵੀਰਾਂ ਦਿਖਾਈਆਂ ਅਤੇ ਆਪਣੀ ਪੁਲਾੜ ਯਾਤਰਾ ਦੀਆਂ ਚੁਣੌਤੀਆਂ ਤਰੇ ਉਤਸ਼ਾਹ ਸਾਂਝੇ ਕੀਤੇ।ਐਕਸੀਓਮ-4 ਮਿਸ਼ਨ ਦੌਰਾਨ ਸ਼ੁਭਾਂਸ਼ੂ ਨੇ ISS ‘ਤੇ ਅੰਤਰਰਾਸ਼ਟਰੀ ਚਾਲਕ ਦਲ ਨਾਲ ਮਿਲ ਕੇ ਵੱਖ-ਵੱਖ ਵਿਗਿਆਨਕ ਪ੍ਰਯੋਗ ਕੀਤੇ, ਜਿਨ੍ਹਾਂ ਵਿੱਚ ਸੂਖਮ ਗੁਰੂਤਾ ਦੇ ਮਨੁੱਖੀ ਸਰੀਰ ‘ਤੇ ਪ੍ਰਭਾਵਾਂ ਦਾ ਅਧਿਐਨ ਅਤੇ ਪੁਲਾੜ ਵਿੱਚ ਖੇਤੀਬਾੜੀ ਤਕਨੀਕਾਂ ਸ਼ਾਮਲ ਸਨ।

ਇਹ ਪ੍ਰਯੋਗ ਭਾਰਤ ਦੇ ਗਗਨਯਾਨ ਪ੍ਰੋਗਰਾਮ ਲਈ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਸ਼ੁਭਾਂਸ਼ੂ ਦੀਆਂ ਪ੍ਰਾਪਤੀਆਂ ਨੂੰ ਨਵੀਂ ਪੀੜ੍ਹੀ ਲਈ ਪ੍ਰੇਰਨਾਦਾਇਕ ਦੱਸਿਆ ਅਤੇ ਉਨ੍ਹਾਂ ਨੂੰ ਧਰਤੀ ਤੋਂ ਪਰੇ ਸੁਪਨੇ ਦੇਖਣ ਦੀ ਪ੍ਰੇਰਨਾ ਦਿੱਤੀ।ਸ਼ੁਭਾਂਸ਼ੂ, ਭਾਰਤੀ ਹਵਾਈ ਫੌਜ ਦੇ ਅਧਿਕਾਰੀ, ਜੂਨ ਵਿੱਚ ਐਕਸੀਓਮ-4 ਮਿਸ਼ਨ ਤਹਿਤ ISS ਗਏ ਸਨ। ਉਹ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹਨ। ਮਿਸ਼ਨ ਪੂਰਾ ਕਰਨ ਤੋਂ ਬਾਅਦ ਉਹ 16 ਜੁਲਾਈ ਨੂੰ ਧਰਤੀ ‘ਤੇ ਵਾਪਸ ਆਏ ਅਤੇ ਅਮਰੀਕਾ ਵਿੱਚ ਪੁਨਰਵਾਸ ਵਿੱਚ ਰਹੇ।

17 ਅਗਸਤ ਨੂੰ ਉਹ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਸੰਸਦ ਨੇ ਸੋਮਵਾਰ ਨੂੰ ਸ਼ੁਭਾਂਸ਼ੂ ਦੇ ਮਿਸ਼ਨ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਨੇ ਇਸ ਮਿਸ਼ਨ ਨੂੰ ਗਗਨਯਾਨ ਪ੍ਰੋਗਰਾਮ ਲਈ ਅਹਿਮ ਦੱਸਿਆ। ਹਾਲਾਂਕਿ, ਵਿਰੋਧੀ ਧਿਰ ਨੇ ਸੰਸਦ ਵਿੱਚ ਇਸ ਬਾਰੇ ਚਰਚਾ ਵਿੱਚ ਹਿੱਸਾ ਨਹੀਂ ਲਿਆ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ X ‘ਤੇ ਸ਼ੁਭਾਂਸ਼ੂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਲਈ ਮੀਲ ਪੱਥਰ ਦੱਸਿਆ।