ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਵਿੱਚ ਦਾਖਲੇ ਲਈ ਜੂਨ 2025 ਵਿੱਚ ਜਾਰੀ 11 ਸ਼ਰਤਾਂ ਵਾਲੇ ਹਲਫ਼ਨਾਮੇ ਵਿਰੁੱਧ ਵਿਦਿਆਰਥੀਆਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੇ ਵਿਦਿਆਰਥੀ ਅਭਿਸ਼ੇਕ ਡਾਗਰ ਨੇ 29 ਅਕਤੂਬਰ ਨੂੰ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਮਰਨ ਵਰਤ ਸ਼ੁਰੂ ਕੀਤਾ, ਜੋ ਅੱਜ ਦੂਜੇ ਦਿਨ ਵਿੱਚ ਪਹੁੰਚ ਗਿਆ। ਉਹ ਪਹਿਲੀ ਰਾਤ ਠੰਡ ਵਿੱਚ ਬਿਨਾਂ ਖਾਣੇ ਸੜਕ ‘ਤੇ ਬਿਤਾਈ, ਦੇਰ ਰਾਤ ਕੰਬਲ ਲਿਆਂਦੇ ਗਏ। ਅੱਜ ਹੋਰ ਵਿਦਿਆਰਥੀ ਵੀ ਧਰਨੇ ਵਿੱਚ ਸ਼ਾਮਲ ਹੋਣਗੇ।
ਵਿਦਿਆਰਥੀ ਇਸ ਨੂੰ ਜਮਹੂਰੀ ਅਧਿਕਾਰਾਂ ‘ਤੇ ਹਮਲਾ ਮੰਨਦੇ ਹਨ। ਉਨ੍ਹਾਂ ਨੇ ਪਟੀਸ਼ਨ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵੀ ਦਾਇਰ ਕੀਤੀ, ਪਰ ਪ੍ਰਸ਼ਾਸਨ ਨੇ ਵਾਪਸ ਨਹੀਂ ਲਿਆ। ਵਿਰੋਧ ਵਿੱਚ ਸਾਰੀਆਂ ਵਿਦਿਆਰਥੀ ਪਾਰਟੀਆਂ, ਪੀਯੂਸੀਐਸਸੀ, ਸੁਤੰਤਰ ਵਿਦਿਆਰਥੀ ਤੇ ਫੈਡਰੇਸ਼ਨਾਂ ਸ਼ਾਮਲ ਹਨ। ਸਟੂਡੈਂਟ ਫੈਡਰੇਸ਼ਨ ਆਗੂ ਅਸ਼ਮੀਤ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਵਾਈਸ ਚਾਂਸਲਰ ਦਫ਼ਤਰ ਅੱਗੇ ਸਾਂਝਾ ਮਰਨ ਵਰਤ ਹੋਵੇਗਾ।
ਸਿਆਸੀ ਦਖਲ ਵਧਿਆ ਹੈ। ਕਾਂਗਰਸ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਬਰਿੰਦਰ ਢਿੱਲੋਂ ਨੇ ਸ਼ਰਤਾਂ ਨੂੰ ਅਸਹਿਣਯੋਗ ਕਿਹਾ। ਵਿਦਿਆਰਥੀ ਆਗੂਆਂ ਨੇ ਪ੍ਰਸ਼ਾਸਨ ਨੂੰ ਪਾਰਦਰਸ਼ੀ ਗੱਲਬਾਤ ਲਈ ਚੁਣੌਤੀ ਦਿੱਤੀ ਹੈ। ਵਿਰੋਧ ਨਿਰੰਤਰ ਜਾਰੀ ਰਹੇਗਾ ਜਦੋਂ ਤੱਕ ਹਲਫ਼ਨਾਮਾ ਵਾਪਸ ਨਹੀਂ ਲਿਆ ਜਾਂਦਾ। ਇਹ ਮੁੱਦਾ ਵਿਦਿਆਰਥੀ ਅਧਿਕਾਰਾਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਜਵਾਬਦੇਹੀ ਨੂੰ ਚੁਣੌਤੀ ਦੇ ਰਿਹਾ ਹੈ।
ਹਲਫ਼ਨਾਮੇ ਵਿੱਚ ਮੁੱਖ ਸ਼ਰਤਾਂ ਹਨ
- ਕੈਂਪਸ, ਰਿਹਾਇਸ਼ੀ ਇਲਾਕੇ ਜਾਂ ਕਾਲਜਾਂ ਵਿੱਚ ਵਿਰੋਧ ਪ੍ਰਦਰਸ਼ਨ ਨਹੀਂ
- ਨਿਰਧਾਰਤ ਡੈਸੀਬਲ ਤੋਂ ਵੱਧ ਨਾਅਰੇਬਾਜ਼ੀ ਨਹੀਂ
- ਹਰ ਵੇਲੇ ਆਈਡੀ ਕਾਰਡ ਪਹਿਨਣਾ ਲਾਜ਼ਮੀ
- ਹਥਿਆਰ ਜਾਂ ਨੁਕਸਾਨਦੇਹ ਵਸਤੂਆਂ ਨਾਲ ਕੈਂਪਸ ਵਿੱਚ ਦਾਖਲ ਨਹੀਂ
- ਨਿਯਮ ਤੋੜਨ ‘ਤੇ ਕੈਂਪਸ ਵਿੱਚ ਐਂਟਰੀ ਬੰਦ, ਪ੍ਰੀਖਿਆ ਤੋਂ ਅਯੋਗਤਾ, ਦਾਖਲਾ ਰੱਦ
- ਕੰਧਾਂ ‘ਤੇ ਪੋਸਟਰ/ਸਟਿੱਕਰ ਨਹੀਂ
- ਹਟਾਉਣ ਦੀ ਲਾਗਤ ਵਿਦਿਆਰਥੀ ਭੁਗਤੇਗਾ
- ਕੈਂਪਸ ਵਿੱਚ ਡਰਾਈਵਿੰਗ/ਪਾਰਕਿੰਗ ਮਨ੍ਹਾ
- ਆਊਟਸੋਰਸ ਕਰਮਚਾਰੀ ਵਿਰੋਧ ਵਿੱਚ ਸ਼ਾਮਲ ਨਹੀਂ ਹੋ ਸਕਦੇ

