Punjab

ਪੰਜਾਬੀ ਯੂਨੀਵਰਸਿਟੀ ’ਚ ਮਹਾਨ ਕੋਸ਼ ਨਸ਼ਟ ਕਰਨ ’ਤੇ ਵਿਦਿਆਰਥੀਆਂ ਦਾ ਰੋਸ ਧਰਨਾ

ਬਿਊਰੋ ਰਿਪੋਰਟ (ਪਟਿਆਲਾ, 28 ਅਗਸਤ, 2025): ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਤਮਾਮ ਵਿਦਿਆਰਥੀ ਇੱਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਖ਼ਬਰ ਹੈ ਕਿ ਵੱਡੀ ਗਿਣਤੀ ਵਿੱਚ ਤਰੁੱਟੀਆਂ ਵਾਲੇ ਮਹਾਨਕੋਸ਼ ਨੂੰ ਨਸ਼ਟ ਕਰਨ ਲਈ ਦਬਾਇਆ ਜਾ ਰਿਹਾ ਸੀ। ਜਦੋਂ ਮਾਮਲਾ ਵਿਦਿਆਰਥੀਆਂ ਸਾਹਮਣੇ ਆਇਆ ਤਾਂ ਮਹਾਨਕੋਸ਼ ਦੇ ਸਸਕਾਰ ਦੀ ਮੰਗ ਰੱਖਦਿਆਂ ਵਿਦਿਆਰਥੀ ਧਰਨੇ ’ਤੇ ਬੈਠ ਗਏ ਹਨ। ਦਰਅਸਲ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਹੋਈ ਮੀਟਿੰਗ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਰੁਟੀਆਂ ਵਾਲੇ ਮਹਾਨ ਕੋਸ਼ ਦੀਆਂ ਕਾਪੀਆਂ 15 ਦਿਨਾਂ ਅੰਦਰ ਨਸ਼ਟ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਟੋਆ ਨੂੰ ਪੁੱਟ ਕੇ ਧਰਤੀ ਵਿੱਚ ਦੱਬਣ ਦੀ ਕਾਰਵਾਈ ਕੀਤੀ ਜਾ ਰਹੀ ਸੀ ਪਰ ਮੌਕੇ ’ਤੇ ਪੁੱਜੇ ਵਿਦਿਆਰਥੀਆਂ ਨੇ ਰੋਸ ਪੂਰਵਕ ਕਾਰਵਾਈ ਰੁਕਵਾ ਦਿੱਤੀ। ਵਿਦਿਆਰਥੀਆਂ ਨੇ ਇਸ ਕਾਰਵਾਈ ਨੂੰ ‘ਬੇਅਦਬੀ’ ਕਰਾਰ ਦਿੰਦਿਆਂ ਮਹਾਨ ਕੋਸ਼ ਦੀਆਂ ਕਾਪੀਆਂ ਦਾ ਸਤਿਕਾਰ ਪੂਰਵਕ ਸੰਸਕਾਰ ਕਰਨ ਦੀ ਮੰਗ ਕਰਦਿਆਂ ਧਰਨਾ ਲਾ ਦਿੱਤਾ।

ਵਿਦਿਆਰਥੀ ਆਗੂਆਂ ਯਾਦਵਿੰਦਰ ਸਿੰਘ ਯਾਦੂ ਅਤੇ ਕੁਲਦੀਪ ਸਿੰਘ ਝਿੰਜਰ ਨੇ ਕਿਹਾ ਕਿ ਭਾਵੇਂ ਮਹਾਨ ਕੋਸ਼ ਵਿੱਚ ਤਰੁੱਟੀਆਂ ਸਨ, ਪਰ ਇਸ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਦਰਜ ਹਨ। ਇਸ ਲਈ ਇਨ੍ਹਾਂ ਕਾਪੀਆਂ ਦਾ ਸੰਸਕਾਰ ਕਰਨਾ ਚਾਹੀਦਾ ਸੀ। ਟੋਆ ਪੁੱਟ ਕੇ ਉਸ ਵਿੱਚ ਕਾਪੀਆਂ ਸੁੱਟ ਕੇ ਉੱਤੋਂ ਪਾਣੀ ਛੱਡਕੇ ਅਤੇ ਫਿਰ ਮਿੱਟੀ ਪਾਉਣ ਦੀ ਕਾਰਵਾਈ ਸਰਾਸਰ ਬੇਅਦਬੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਿੱਟੀ ਪਾਉਣੀ ਅਜੇ ਬਾਕੀ ਸੀ, ਜੋਕਿ ਵਿਦਿਆਰਥੀਆਂ ਵੱਲੋਂ ਰੋਸ ਪ੍ਰਗਟ ਕਰਨ ਕੀਤੇ ਜਾਣ ਕਾਰਨ ਅਮਲ ਵਿੱਚ ਨਹੀਂ ਆਈ।

ਦੱਸ ਦੇਈਏ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ 1930 ਵਿਚ ਪੰਜਾਬੀ ਦੇ ਲਗਪਗ 80 ਹਜ਼ਾਰ ਸ਼ਬਦਾਂ ਦੇ ਅਰਥਾਂ ਵਾਲਾ ਇੱਕ ਮਹਾਨ ਕੋਸ਼ ਤਿਆਰ ਕੀਤਾ, ਜਿਸ ਦੀ ਕੁਝ ਸਾਲ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੜ-ਛਪਾਈ ਕਰਵਾਈ ਸੀ। ਮੁੜ ਛਪਾਈ ਦੌਰਾਨ ਕਈ ਗ਼ਲਤੀਆਂ ਸਾਹਮਣੇ ਆਈਆਂ, ਜਿਸ ਨੂੰ ਲੈ ਕੇ ਪੰਜਾਬੀ ਭਾਸ਼ਾ ਦੇ ਵਿਦਵਾਨ ਸਮੇਂ-ਸਮੇਂ ’ਤੇ ਇਸ ਨੂੰ ਵਾਪਸ ਲੈਣ ਅਤੇ ਨਸ਼ਟ ਕਰਨ ਦਾ ਮੁੱਦਾ ਚੁੱਕਦੇ ਰਹੇ ਪਰ ਯੂਨੀਵਰਸਿਟੀ ਇਸ ਦੇ ਲਈ ਤਿਆਰ ਨਹੀਂ ਹੋਈ।

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਹ ਮਾਮਲਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਚੁੱਕਿਆ ਗਿਆ, ਜਿਸ ਵਿਚ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟ੍ਰਾਰ ਡਾ. ਪਿਆਰਾ ਲਾਲ ਗਰਗ, ਸਿੱਖ ਮਿਸ਼ਨਰੀ ਕਾਲਜ ਦੇ ਪਰਮਜੀਤ ਸਿੰਘ ਤੇ ਸਿੱਖ ਸਕਾਲਰ ਅਮਰਜੀਤ ਸਿੰਘ ਧਵਨ ਸ਼ਾਮਲ ਸਨ। ਡਾ. ਧਵਨ ਨੇ ਹੀ ਸਭ ਤੋਂ ਪਹਿਲਾਂ ਇਹ ਮਾਮਲਾ ਉਜਾਗਰ ਕੀਤਾ ਸੀ ਅਤੇ ਦੁਬਾਰਾ ਛਪਾਈ ਵਾਲੇ ਮਹਾਨ ਕੋਸ਼ ਨੂੰ ਵਾਪਸ ਲੈਣ ਦੀ ਮੰਗ ਚੁੱਕੀ ਸੀ।

6 ਅਗਸਤ 2025 ਨੂੰ ਵਫ਼ਦ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਅੱਜ ਆਖ਼ਰੀ ਵਾਰ ਉਨ੍ਹਾਂ ਕੋਲ ਆਏ ਹਨ। ਜੇਕਰ ਤੈਅ ਸਮੇਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਨਹੀਂ ਕੀਤਾ ਗਿਆ ਤਾਂ ਉਹ ਇਸ ਮਹਾਨ ਕੋਸ਼ ਦੇ ਮਾਮਲੇ ਨੂੰ ਆਮ ਜਨਤਾ ਵਿਚਾਲੇ ਲੈ ਕੇ ਜਾਣਗੇ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੀਸੀ ਡਾ. ਜਗਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਭਰੋਸਾ ਦਿੱਤਾ ਕਿ 15 ਦਿਨਾਂ ਦੇ ਅੰਦਰ ਇਸ ਨੂੰ ਵਾਪਸ ਲੈ ਕੇ ਨਸ਼ਟ ਕੀਤਾ ਜਾਵੇਗਾ। ਇਸੇ ਅਧਾਰ ’ਤੇ ਯੂਨੀਵਰਸਿਟੀ ਵਲੋਂ ਮਹਾਨ ਕੋਸ਼ ਨੂੰ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਹੁਣ ਵਿਦਿਆਰਥੀਆਂ ਨੇ ਨਸ਼ਟ ਕਰਨ ਦੇ ਤਰੀਕੇ ਨੂੰ ਲੈਕੇ ਸਖ਼ਤ ਇਤਰਾਜ਼ ਕੀਤਾ ਹੈ।