Punjab

12ਵੀਂ ਦੇ ਵਿਦਆਰਥੀਆਂ ਨੂੰ ਮਿਲੇਗੀ ‘ਪੰਜਾਬ ਸਮਾਰਟ ਕੰਟੈਕਟ ਸਕੀਮ’, ਪੜ੍ਹੋ ਕੀ ਹੈ ਖ਼ਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਦਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਇਸ ਲਈ ਕੈਪਟਨ ਸਰਕਾਰ ਕਈ ਕਦਮ ਚੁੱਕ ਰਹੀ ਹੈ। ਪੰਜਾਬ ਮੰਤਰੀ ਮੰਡਲ ਨੇ ਅਕਾਦਮਿਕ ਵਰ੍ਹੇ 2021-22 ਲਈ ਬਾਰ੍ਹਵੀਂ ਕਲਾਸ ਦੇ 2.15 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਰੂਪ-ਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਕੋਵਿਡ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸਹੂਲਤ ਮਿਲ ਸਕੇ। ‘ਪੰਜਾਬ ਸਮਾਰਟ ਕੰਟੈਕਟ ਸਕੀਮ’ ਨੂੰ ਹੁਣ ਅਕਾਦਮਿਕ ਸਾਲ 2021-22 ਲਈ ਬਾਰ੍ਹਵੀਂ ਕਲਾਸ ਵਿੱਚ ਦਾਖਲ ਹੋਏ ਵਿਦਿਆਰਥੀਆਂ ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਕੀਮ ਵਾਸਤੇ ਸਕੂਲ ਸਿੱਖਿਆ ਵਿਭਾਗ ਨੂੰ 100 ਕਰੋੜ ਰੁਪਏ ਦਾ ਬਜਟ ਅਲਾਟ ਕਰ ਦਿੱਤਾ ਗਿਆ ਹੈ।

ਪੁਰਾਣੀ ਤਸਵੀਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਉਦਯੋਗ ਤੇ ਵਣਜ ਵਿਭਾਗ ਰਾਹੀਂ ਪੰਜਾਬ ਇਨਫੋਟੈਕ ਵੱਲੋਂ ਫੋਨਾਂ ਦੀ ਖਰੀਦ ਕੀਤੀ ਜਾਵੇਗੀ। ਸਕੂਲ ਸਿੱਖਿਆ ਵਿਭਾਗ ਵੱਲੋਂ ਬਾਰ੍ਹਵੀਂ ਜਮਾਤ ਲਈ ਪ੍ਰਵਾਨ ਕੀਤਾ ਗਿਆ ਈ-ਕੰਟੈਂਟ ਵੀ ਹੋਵੇਗਾ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਰਕਟ ਹਾਊਸਾਂ ਦੀ ਬਦਲੇਗੀ ਨੁਹਾਰ

ਪੰਜਾਬ ਮੰਤਰੀ ਮੰਡਲ ਨੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਸਰਕਟ ਹਾਊਸਾਂ ਦੇ ਨਿੱਜੀ-ਜਨਤਕ ਭਾਈਵਾਲੀ (ਪੀਪੀਪੀ) ਰਾਹੀਂ ਨਵੀਨੀਕਰਨ, ਚਲਾਉਣ ਅਤੇ ਸਾਂਭ-ਸੰਭਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਸੂਬੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਲੁਧਿਆਣਾ ਅਤੇ ਜਲੰਧਰ ਜ਼ਿਲ੍ਹੇ ਵਿਚਲੇ ਸਰਕਟ ਹਾਊਸਾਂ ਨੂੰ ਪੀਪੀਪੀ ਢੰਗ ਰਾਹੀਂ ਵਿਕਸਿਤ ਕਰਨ ਪਿੱਛੋਂ ਚਲਾਉਣ ਦੀ ਯੋਜਨਾ ਹੈ ਤਾਂ ਜੋ ਇਨ੍ਹਾਂ ਨੂੰ ਸਰਕਟ ਹਾਊਸ-ਕਮ-ਹੋਟਲ ਵਜੋਂ ਚਲਾਇਆ ਜਾ ਸਕੇ। ਇਸ ਤੋਂ ਪਹਿਲਾਂ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ 10 ਸਰਕਟ ਹਾਊਸ ਚਲਾਏ ਜਾ ਰਹੇ ਹਨ। 

ਪੰਜਾਬ ਨੂੰ ਮਿਲਣਗੀਆਂ 473 ਹੋਰ ਨਵੀਆਂ ਨਰਸਾਂ

ਕੈਬਨਿਟ ਮੀਟਿੰਗ ਵਿੱਚ ਕੋਵਿਡ-19 ਦੀ ਹੰਗਾਮੀ ਸਥਿਤੀ ਨਾਲ ਪ੍ਰਭਾਵੀ ਢੰਗ ਰਾਹੀਂ ਨਿਪਟਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਸਟਾਫ ਨਰਸਾਂ ਦੀਆਂ 473 ਅਸਾਮੀਆਂ ਦੀ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਅਸਾਮੀਆਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਾਇਰੇ ਵਿੱਚੋਂ ਕੱਢ ਕੇ ਬਾਬਾ ਫ਼ਰੀਦ ਯੂਨੀਵਰਸਿਟੀ, ਫਰੀਦਕੋਟ ਰਾਹੀਂ ਮੈਰਿਟ ਦੇ ਆਧਾਰ ਉੱਤੇ ਲਿਖਤੀ ਪ੍ਰੀਖਿਆ ਰਾਹੀਂ ਭਰੀਆਂ ਜਾਣਗੀਆਂ। ਨਵੀਂ ਭਰਤੀ ਹੋਣ ਵਾਲੀਆਂ ਸਟਾਫ ਨਰਸਾਂ ਨੂੰ ਵਿੱਤ ਵਿਭਾਗ ਵੱਲੋਂ ਪ੍ਰਵਾਨਿਤ ਕੀਤੀ ਜਾ ਚੁੱਕੀ 29,200 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।