ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ( Punjab University )ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਅੱਜ ਵਿਦਿਆਰਥੀ ਯੂਨੀਅਨ ( Student union elections) ਦੀਆਂ ਚੋਣਾਂ ਹੋਣਗੀਆਂ।। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਪੱਖੋਂ ਚੰਡੀਗੜ੍ਹ ਪੁਲੀਸ ਤੇ ਸਕਿਉਰਿਟੀ ਵਿੰਗ ਨੇ ਵੀ ਪੂਰੀ ਤਿਆਰੀ ਵਿੱਢ ਲਈ ਹੈ।
ਯੂਨੀਵਰਸਿਟੀ ਦੇ ਕਰੀਬ 15693 ਵਿਦਿਆਰਥੀ ਇਸ ਵਿੱਚ ਵੋਟ ਪਾਉਣਗੇ। ਇਸ ਤੋਂ ਇਲਾਵਾ 10 ਕਾਲਜਾਂ ਵਿੱਚ 43705 ਦੇ ਕਰੀਬ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਸ਼ਹਿਰ ਦੇ 10 ਕਾਲਜਾਂ ਵਿੱਚ 110 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦੋਂਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਸਾਮੀਆਂ ਲਈ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰੇ 9:30 ਵਜੇ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਚੋਣ ਪ੍ਰਚਾਰ ਦੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਹੋਵੇਗੀ।
ਚੰਡੀਗੜ੍ਹ ਸ਼ਹਿਰ ਵਿੱਚ 11 ਕਾਲਜ ਹਨ। ਇਨ੍ਹਾਂ ਵਿੱਚੋਂ ਇੱਕ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਹੈ। ਬਾਕੀ ਕਾਲਜਾਂ ਵਿੱਚ ਅੱਜ ਵੋਟਾਂ ਪੈਣਗੀਆਂ। ਡੀਏਵੀ-10 ਕਾਲਜ ਵਿੱਚ 8384, ਪੀਜੀਜੀਸੀ-11 ਵਿੱਚ 4500, ਪੀਜੀਜੀਸੀਜੀ-11 ਵਿੱਚ 3870, ਐਸਜੀਜੀਐਸਸੀ-26 ਵਿੱਚ 5954, ਜੀਜੀਐਸਡੀ-32 ਵਿੱਚ 8492, ਐਮਸੀਐਮ ਡੀਏਵੀ-36 ਵਿੱਚ 4800, ਪੀਜੀਜੀਸੀਜੀ-11 ਵਿੱਚ 3291, ਪੀਜੀਜੀਸੀਜੀ-11 ਵਿੱਚ 345, ਡੀ.ਏ.ਵੀ. ਪੀਜੀਜੀਸੀ-46 ਵਿੱਚ 2184 ਅਤੇ ਜੀਸੀਸੀਵੀਏ-50 ਵਿੱਚ 900 ਵੋਟਾਂ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਇਲਾਵਾ ਸ਼ਹਿਰ ਵਿੱਚ ਕਰੀਬ 43705 ਵੋਟਾਂ ਹਨ।
ਪੰਜਾਬ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ (UIET) ਵਿੱਚ ਸਭ ਤੋਂ ਵੱਧ 2527 ਵੋਟਰ ਹਨ। ਇਸ ਤੋਂ ਬਾਅਦ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਰਵਿਸਿਜ਼ (UILS) 1900 ਵੋਟਰਾਂ ਨਾਲ, ਕਾਨੂੰਨ ਵਿਭਾਗ 1100, ਡੈਂਟਲ ਸਾਇੰਸ 512 ਅਤੇ 213 ਵੋਟਰਾਂ ਨਾਲ ਸਭ ਤੋਂ ਘੱਟ ਮਨੋਵਿਗਿਆਨ ਵਿਭਾਗ ਹੈ। ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਇਸ ਵਾਰ ਕੁੱਲ 15693 ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਦੇ ਲਈ ਪੁਲਿਸ ਨੇ 14 ਡੀ.ਐਸ.ਪੀ., 12 ਐਸ.ਐਚ.ਓਜ਼, 18 ਇੰਸਪੈਕਟਰ, 10 ਚੌਕੀ ਇੰਚਾਰਜ, 938 ਹੋਰ ਮੁਲਾਜ਼ਮਾਂ ਦੇ ਨਾਲ ਟਰੈਫ਼ਿਕ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਹੈ। ਇਸ ‘ਚ ਕ੍ਰਾਈਮ ਬ੍ਰਾਂਚ ਸਮੇਤ ਕਰੀਬ 1200 ਪੁਲਸ ਕਰਮਚਾਰੀ ਡਿਊਟੀ ‘ਤੇ ਤਾਇਨਾਤ ਰਹਿਣਗੇ। ਪੁਲਿਸ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।