India

ਭਾਰਤ ਵਿੱਚ ਹੁਣ ਕਿਸਾਨਾਂ ਨਾਲੋਂ ਵੀ ਵੱਧ ਖ਼ੁਦਕੁਸ਼ੀਆਂ ਕਰ ਰਹੇ ਹਨ ਵਿਦਿਆਰਥੀ! ਤਾਜ਼ਾ ਰਿਪੋਰਟ ’ਚ ਖ਼ੁਲਾਸਾ

ਬਿਉਰੋ ਰਿਪੋਰਟ: ਇੱਕ ਨਵੀਂ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਵਿਦਿਆਰਥੀ ਖੁਦਕੁਸ਼ੀਆਂ ਇੱਕ ਪਰੇਸ਼ਾਨ ਕਰਨ ਵਾਲੀ ਦਰ ਨਾਲ ਵੱਧ ਰਹੀਆਂ ਹਨ। ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਏਨੀ ਹੈ ਕਿ ਇਸ ਦੇ ਆਬਾਦੀ ਦੇ ਵਾਧੇ ਅਤੇ ਸਮੁੱਚੇ ਖੁਦਕੁਸ਼ੀ ਰੁਝਾਨ ਨੂੰ ਵੀ ਪਛਾੜ ਦਿੱਤਾ ਹੈ। ਬੁੱਧਵਾਰ ਨੂੰ ਸਾਲਾਨਾ IC3 ਕਾਨਫਰੰਸ ਅਤੇ ਐਕਸਪੋ 2024 ਦੌਰਾਨ ‘ਸਟੂਡੈਂਟ ਸੁਸਾਈਡਜ਼: ਐਨ ਏਪੀਡੇਮਿਕ ਸਵੀਪਿੰਗ ਇੰਡੀਆ’ (Student Suicides: An Epidemic Sweeping India) ਸਿਰਲੇਖ ਵਾਲੀ ਇਹ ਰਿਪੋਰਟਜਾਰੀ ਕੀਤੀ ਗਈ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ’ਤੇ ਧਿਆਨ ’ਚ ਰੱਖਦਿਆਂ ਰਿਪੋਰਟ ਦੱਸਦੀ ਹੈ ਕਿ ਜਦੋਂ ਕਿ ਭਾਰਤ ਵਿੱਚ ਸਮੁੱਚੀ ਖੁਦਕੁਸ਼ੀ ਦਰ 2% ਸਾਲਾਨਾ ਵਧੀ ਹੈ, ਵਿਦਿਆਰਥੀ ਖੁਦਕੁਸ਼ੀਆਂ ਦੀ ਦਰ ਵਿੱਚ 4% ਦਾ ਵਾਧਾ ਹੋਇਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਵਿਦਿਆਰਥੀਆਂ ਦੀ ਖੁਦਕੁਸ਼ੀ ਦਰ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਹਰ ਸਾਲ ਕਿੰਨੇ ਵਿਦਿਆਰਥੀ ਖੁਦਕੁਸ਼ੀ ਕਰ ਰਹੇ ਹਨ?

ਦੱਸ ਦੇਈਏ ਕਿ IC3 ਇੰਸਟੀਚਿਊਟ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਵਿਦਿਆਰਥੀ ਖ਼ੁਦਕੁਸ਼ੀ ਦੀਆਂ ਘਟਨਾਵਾਂ ਵਿੱਚ ਸਾਲਾਨਾ 4 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ, ਜੋ ਕਿ ਰਾਸ਼ਟਰੀ ਔਸਤ ਤੋਂ ਦੁੱਗਣਾ ਹੈ।

ਸਾਲ 2022 ਵਿੱਚ ਵਿਦਿਆਰਥੀ ਖੁਦਕੁਸ਼ੀ ਦੇ ਕੁੱਲ ਮਾਮਲਿਆਂ ਵਿੱਚੋਂ 53 ਫੀਸਦੀ ਪੁਰਸ਼ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। 2021 ਅਤੇ 2022 ਦੇ ਵਿਚਕਾਰ, ਪੁਰਸ਼ ਵਿਦਿਆਰਥੀਆਂ ਵਿੱਚ ਖੁਦਕੁਸ਼ੀਆਂ ਵਿੱਚ 6 ਪ੍ਰਤੀਸ਼ਤ ਦੀ ਕਮੀ ਆਈ ਹੈ ਜਦੋਂ ਕਿ ਵਿਦਿਆਰਥਣਾਂ ਵਿੱਚ ਖੁਦਕੁਸ਼ੀਆਂ ਵਿੱਚ ਸੱਤ ਪ੍ਰਤੀਸ਼ਤ ਵਾਧਾ ਹੋਇਆ ਹੈ।

ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਵਿਦਿਆਰਥੀ ਖ਼ੁਦਕੁਸ਼ੀ ਦੀਆਂ ਘਟਨਾਵਾਂ ਆਬਾਦੀ ਵਾਧਾ ਦਰ ਅਤੇ ਸਮੁੱਚੇ ਖੁਦਕੁਸ਼ੀ ਦੇ ਰੁਝਾਨ ਦੋਵਾਂ ਤੋਂ ਵੱਧ ਰਹੀਆਂ ਹਨ। ਜਦੋਂ ਕਿ ਪਿਛਲੇ ਦਹਾਕੇ ਵਿੱਚ 0-24 ਸਾਲ ਦੀ ਉਮਰ ਸਮੂਹ ਵਿੱਚ ਆਬਾਦੀ 582 ਮਿਲੀਅਨ ਤੋਂ ਘਟ ਕੇ 581 ਮਿਲੀਅਨ ਰਹਿ ਗਈ ਹੈ, ਵਿਦਿਆਰਥੀ ਖੁਦਕੁਸ਼ੀਆਂ ਦੀ ਗਿਣਤੀ 6,654 ਤੋਂ ਵੱਧ ਕੇ 13,044 ਹੋ ਗਈ ਹੈ।

ਇਸ ਸੂਬੇ ਵਿੱਚ ਸਭ ਤੋਂ ਵੱਧ ਵਿਦਿਆਰਥੀ ਕਰ ਰਹੇ ਹਨ ਖੁਦਕੁਸ਼ੀਆਂ

ਦੱਖਣੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਮੂਹਿਕ ਤੌਰ ’ਤੇ ਅਜਿਹੇ ਮਾਮਲਿਆਂ ਦਾ 29 ਪ੍ਰਤੀਸ਼ਤ ਹਿੱਸਾ ਹੈ, ਜਦੋਂ ਕਿ ਰਾਜਸਥਾਨ, ਆਪਣੇ ਉੱਚ ਪੱਧਰੀ ਵਿਦਿਅਕ ਮਾਹੌਲ ਲਈ ਜਾਣਿਆ ਜਾਂਦਾ ਹੈ, 10ਵੇਂ ਨੰਬਰ ’ਤੇ ਹੈ, ਜੋ ਕੋਟਾ ਵਰਗੇ ਕੋਚਿੰਗ ਸੈਂਟਰਾਂ ਨਾਲ ਜੁੜੇ ਤੀਬਰ ਦਬਾਅ ਨੂੰ ਸਪੱਸ਼ਟ ਤੌਰ ’ਤੇ ਉਜਾਗਰ ਕਰਦਾ ਹੈ।

‘IC3 ਮੂਵਮੈਂਟ’ ਦੇ ਸੰਸਥਾਪਕ ਗਣੇਸ਼ ਕੋਹਲੀ ਨੇ ਕਿਹਾ ਕਿ ਇਹ ਰਿਪੋਰਟ ਸਪੱਸ਼ਟ ਤੌਰ ’ਤੇ ਉਨ੍ਹਾਂ ਮੁੱਦਿਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਮਾਨਸਿਕ ਸਿਹਤ ਵਰਗੇ ਸਾਡੇ ਵਿਦਿਅਕ ਅਦਾਰਿਆਂ ਵਿੱਚ ਹੱਲ ਕਰਨ ਦੀ ਲੋੜ ਹੈ। ਧਿਆਨ ਯੋਗ ਹੈ ਕਿ ਐਨਸੀਆਰਬੀ ਦੁਆਰਾ ਨੱਥੀ ਕੀਤਾ ਗਿਆ ਡੇਟਾ ਪੁਲਿਸ ਦੁਆਰਾ ਦਰਜ ਕੀਤੀ ਗਈ ਐਫਆਈਆਰ ’ਤੇ ਅਧਾਰਿਤ ਹੈ। ਹਾਲਾਂਕਿ, ਇਹ ਪਛਾਣਨਾ ਮਹੱਤਵਪੂਰਨ ਹੈ ਕਿ ਵਿਦਿਆਰਥੀ ਖੁਦਕੁਸ਼ੀਆਂ ਦੀ ਅਸਲ ਗਿਣਤੀ ਨੂੰ ਘੱਟ ਦੱਸਿਆ ਗਿਆ ਹੈ।