Punjab

ਲੁਧਿਆਣਾ ਦੇ ਡੈਂਟਲ ਕਾਲਜ ’ਚ ਵਿਦਿਆਰਥਣ ਨਾਲ ਛੇੜਛਾੜ! ਇਲਾਜ ਲਈ ਆਏ 3 ਲੋਕਾਂ ਨੇ ਘੇਰਿਆ, ਵਿਰੋਧ ਕਰਨ ’ਤੇ ਕੱਪੜੇ ਪਾੜੇ

ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਅਤੇ ਹਸਪਤਾਲ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਮੁਲਜ਼ਮ ਉਸਦੇ ਕੱਪੜੇ ਪਾੜ ਕੇ ਫਰਾਰ ਹੋ ਗਏ। ਇਹ ਲੋਕ ਇਲਾਜ ਲਈ ਆਏ ਸਨ। ਵਿਦਿਆਰਥਣ ਨੇ ਇਸ ਹਰਕਤ ਬਾਰੇ ਆਪਣੇ ਸਾਥੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਵਿਦਿਆਰਥੀ ਭੜਕ ਗਏ।

ਵੀਰਵਾਰ ਸਵੇਰੇ ਵਿਦਿਆਰਥੀਆਂ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਅਤੇ ਸੁਰੱਖਿਆ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥਣਾਂ ਨੂੰ ਸਮਝਾਇਆ। ਜਾਣਕਾਰੀ ਅਨੁਸਾਰ ਪੀੜਤ ਵਿਦਿਆਰਥਣ ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ ਹੈ। ਉਹ ਆਖ਼ਰੀ ਸਾਲ ਦੀ ਵਿਦਿਆਰਥਣ ਹੈ। ਕਾਲਜ ਮੈਨੇਜਮੈਂਟ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਰਹੀ ਹੈ।

ਹੋਸਟਲ ’ਚ ਆਉਂਦਿਆਂ 3 ਲੋਕਾਂ ਨੇ ਘੇਰਿਆ

ਇਹ ਮਾਮਲਾ ਬੁੱਧਵਾਰ ਸ਼ਾਮ ਨੂੰ ਸਾਹਮਣੇ ਆਇਆ। ਪੀੜਤ ਵਿਦਿਆਰਥਣ ਦੇ ਸਾਥੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਘਟਨਾ ਕਾਲਜ ਦੇ ਆਡੀਟੋਰੀਅਮ ਦੇ ਪਿੱਛੇ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਜਦੋਂ ਵਿਦਿਆਰਥਣ ਹੋਸਟਲ ਵੱਲ ਆ ਰਹੀ ਸੀ ਤਾਂ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ। ਸੰਘਰਸ਼ ਵਿੱਚ ਉਸਦੇ ਕੱਪੜੇ ਫਟ ਗਏ।

ਇਸ ਦੌਰਾਨ ਵਿਦਿਆਰਥਣ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਕੇ ਹੋਸਟਲ ਪਹੁੰਚ ਗਈ। ਵਿਦਿਆਰਥਣ ਨੇ ਦੱਸਿਆ ਕਿ ਗਾਰਡ ਨੇ ਘਟਨਾ ਸਥਾਨ ਤੋਂ ਕਰੀਬ 400 ਮੀਟਰ ਦੂਰ ਜਾ ਕੇ ਘਟਨਾ ਨੂੰ ਦੇਖਿਆ ਸੀ ਪਰ, ਹਾਲਾਂਕਿ ਗਾਰਡ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ

ਕੁਝ ਵਿਦਿਆਰਥੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਹੈ ਕਿ ਕਾਲਜ ਪ੍ਰਬੰਧਕਾਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਵਿਦਿਆਰਥਣ ਦੇ ਮਾਪਿਆਂ ਨੂੰ ਗ਼ਲਤ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਦਿਆਰਥਣ ਨੂੰ ਦੌਰਾ ਪਿਆ ਸੀ। ਵਿਦਿਆਰਥਣ ਅਤੇ ਉਸ ਦੇ ਮਾਪੇ ਆਪਣੇ ਘਰ ਪਰਤ ਗਏ ਹਨ। ਕਾਲਜ ਪ੍ਰਿੰਸੀਪਲ ਗਗਨਜੋਤ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਲਈ ਉਹ ਇਸ ਮਾਮਲੇ ’ਚ ਕੁਝ ਨਹੀਂ ਕਹਿਣਾ ਚਾਹੁੰਦੇ।

ਮਾਮਲੇ ’ਤੇ ਪੁਲਿਸ ਦਾ ਬਿਆਨ

ਇਸ ਘਟਨਾ ਸਬੰਧੀ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਮਾਮਲੇ ਦਾ ਪਤਾ ਲੱਗਾ। ਪੁਲਿਸ ਛੇੜਛਾੜ ਦਾ ਸ਼ਿਕਾਰ ਹੋਈ ਵਿਦਿਆਰਥਣ ਦੇ ਬਿਆਨ ਦਰਜ ਕਰ ਰਹੀ ਹੈ। ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਰੌਲਾ ਨਾ ਪਾਉਣ ਲਈ ਵੀ ਕਿਹਾ ਗਿਆ ਹੈ। ਜਿਸ ਜਗ੍ਹਾ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁਝ ਸੁਰਾਗ ਵੀ ਮਿਲੇ ਹਨ। ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। ਫਿਲਹਾਲ ਕਾਲਜ ਵਿੱਚ ਸਥਿਤੀ ਆਮ ਹੈ।