ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ 7 ਤੋਂ 9 ਅਪ੍ਰੈਲ ਤੱਕ ਪੰਜਾਬ ਭਰ ਵਿੱਚ ਐਲਾਨੀ ਹੜਤਾਲ ਰੱਦ ਕਰ ਦਿੱਤੀ ਹੈ। ਇਹ ਫੈਸਲਾ ਯੂਨੀਅਨ ਆਗੂਆਂ ਦੀ ਰਾਜ ਦੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਸਮਝੌਤਾ ਹੋਇਆ।
ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਵਿੱਚ ਟਰਾਂਸਪੋਰਟ ਨੀਤੀ, ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਰੱਦ ਕਰਨ, ਅਤੇ ਠੇਕੇ ਦੇ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਲਾਭ ਤੇ ਤਨਖਾਹ ਦੇਣ ਵਰਗੇ ਮੁੱਦਿਆਂ ‘ਤੇ ਚਰਚਾ ਹੋਈ। ਮੰਤਰੀ ਨੇ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਹੜਤਾਲ ਵਾਪਸ ਲਈ ਗਈ।
ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਸਕਾਰਾਤਮਕ ਫੈਸਲੇ ਲਏ, ਜਿਸ ਕਾਰਨ ਹੜਤਾਲ ਮੁਲਤਵੀ ਕੀਤੀ ਗਈ। ਹਾਲਾਂਕਿ, ਯੂਨੀਅਨ ਦੀ ਮੁੱਖ ਮੰਗ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਹੈ। ਇਸ ਲਈ 9 ਅਪ੍ਰੈਲ ਨੂੰ ਯੂਨੀਅਨ ਕਰਮਚਾਰੀ ਵਿੱਤ ਮੰਤਰੀ ਅਤੇ ਐਡਵੋਕੇਟ ਜਨਰਲ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਹੋਵੇਗੀ। ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਮਚਾਰੀਆਂ ਨਾਲ ਚਰਚਾ ਕਰਕੇ ਅਗਲਾ ਕਦਮ ਚੁੱਕਿਆ ਜਾਵੇਗਾ।