ਬਿਊਰੋ ਰਿਪੋਰਟ (ਜਲੰਧਰ, 5 ਨਵੰਬਰ 2025): ਜਲੰਧਰ ਰੋਡਵੇਜ਼ ਡਿਪੋ ਦੇ ਡਰਾਈਵਰ ਦੀ ਹੱਤਿਆ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਡਿਪੋ ਦੇ ਕਰਮਚਾਰੀ ਹੜਤਾਲ ’ਤੇ ਹਨ। ਸਾਰੇ ਡਰਾਈਵਰਾਂ ਨੇ ਬੱਸਾਂ ਰੋਕ ਦਿੱਤੀਆਂ ਹਨ ਤੇ ਡਿੱਪੋ ਅੰਦਰ ਧਰਨਾ ਲਗਾ ਲਿਆ ਹੈ। ਮੰਗਲਵਾਰ ਨੂੰ ਇੱਕ ਡਰਾਈਵਰ ਦੀ ਕੁਰਾਲੀ ਵਿੱਚ ਰੌਡ ਮਾਰ ਕੇ ਹੱਤਿਆ ਕੀਤੀ ਗਈ ਸੀ, ਜਿਸ ਕਾਰਨ ਸਾਰੇ ਡਰਾਈਵਰਾਂ ਵਿੱਚ ਗੁੱਸਾ ਹੈ।
ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਚਾਨਣ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ। ਇਸ ਤੋਂ ਇਲਾਵਾ, ਕੱਚੇ ਮੁਲਾਜ਼ਮਾਂ ਦੀ ਇਨਸ਼ੋਰੈਂਸ ਸਕੀਮ ਵੀ ਬੰਦ ਕਰ ਦਿੱਤੀ ਗਈ ਹੈ। ਮ੍ਰਿਤਕ ਜਗਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ। ਹੁਣ ਉਸਦਾ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ, ਇਹ ਵੱਡਾ ਸਵਾਲ ਹੈ।
ਕਰਮਚਾਰੀ ਯੂਨੀਅਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਲੰਧਰ ਡਿੱਪੋ ਦੀਆਂ ਸਾਰੀਆਂ ਬੱਸਾਂ ਦੀ ਸੇਵਾ ਰੋਕ ਦਿੱਤੀ ਹੈ। ਬੱਸਾਂ ਨੂੰ ਡਿੱਪੋ ਵਿੱਚ ਹੀ ਖੜ੍ਹਾ ਕਰ ਦਿੱਤਾ ਗਿਆ ਹੈ। ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ, ਉਹ ਧਰਨਾ ਜਾਰੀ ਰੱਖਣਗੇ।
ਹਾਰਨ ਵਜਾਉਣ ਤੋਂ ਸ਼ੁਰੂ ਹੋਇਆ ਝਗੜਾ
ਮੰਗਲਵਾਰ ਸ਼ਾਮ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਖੇਤਰ ਵਿੱਚ ਰੋਡਵੇਜ਼ ਡਰਾਈਵਰ ਦੀ ਹੱਤਿਆ ਹੋ ਗਈ ਸੀ। ਬੱਸ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਸੀ। ਕੁਰਾਲੀ ਚੌਕ ’ਤੇ ਲਾਲ ਬੱਤੀ ’ਤੇ ਡਰਾਈਵਰ ਨੇ ਸਾਈਡ ਲੈਣ ਲਈ ਹਾਰਨ ਵਜਾਇਆ, ਤਾਂ ਅੱਗੇ ਖੜ੍ਹੇ ਬੋਲੇਰੋ ਡਰਾਈਵਰ ਨੇ ਉਸ ਦੀ ਛਾਤੀ ਵਿੱਚ ਰੌਡ ਮਾਰ ਦਿੱਤੀ।
ਰੌਡ ਲੱਗਦੇ ਹੀ ਡਰਾਈਵਰ ਥਾਂ ਤੇ ਹੀ ਡਿੱਗ ਪਿਆ। ਲੋਕਾਂ ਨੇ ਉਸਨੂੰ ਕੁਰਾਲੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸਨੂੰ ਮੋਹਾਲੀ ਰੈਫਰ ਕੀਤਾ ਗਿਆ। ਉੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ (ਉਮਰ 36 ਸਾਲ) ਵਜੋਂ ਹੋਈ, ਜੋ ਜਲੰਧਰ ਰੋਡਵੇਜ਼ ਡਿਪੋ ’ਚ ਤਾਇਨਾਤ ਸੀ।

