India Punjab

ਦਿੱਲੀ ਦੇ ਟਿਕਰੀ ਬਾਰਡਰ ‘ਤੇ ਅੱਧੀ ਰਾਤ ਨੂੰ ਹੰਗਾਮਾ

‘ਦ ਖ਼ਾਲਸ ਟੀਵੀ ਬਿਊਰੋ:- ਦਿੱਲੀ ਦੇ ਟਿਕਰੀ ਬਾਰਡਰ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਦਿਨੇਂ ਪੁਲਿਸ ਵੱਲੋਂ ਬੈਰੀਕੇਡਸ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਬੀਤੀ ਰਾਤ ਨੂੰ ਕਿਸਾਨਾਂ ਨੇ ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ‘ਤੇ ਡੇਰੇ ਲਾ ਲਏ। ਇਸ ਦੌਰਾਨ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿੱਕਰੀ ਸਰਹੱਦ ਤੋਂ ਇੱਕ ਮਾਰਗੀ ਸੜਕ ਨੂੰ ਖੋਲ੍ਹਣ ਲਈ ਚੱਲ ਰਹੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਦੌਰਾਨ ਕੁਝ ਕਿਸਾਨਾਂ ਨੇ ਜ਼ੋਰਦਾਰ ਹੰਗਾਮਾ ਕੀਤਾ।

ਜਾਣਕਾਰੀ ਅਨੁਸਾਰ ਜਿਵੇਂ ਹੀ ਦਿੱਲੀ ਪੁਲਿਸ ਨੇ ਬੈਰੀਕੇਡਿੰਗ ਦੀ ਆਖਰੀ ਪਰਤ ਹਟਾਈ ਤਾਂ ਕਿਸਾਨਾਂ ਨੇ ਪ੍ਰਦਰਸ਼ਨ ਕਰ ਦਿੱਤਾ। ਉਹ ਜੇਸੀਬੀ ਅੱਗੇ ਲੇਟ ਗਏ ਅਤੇ ਦੋ ਥਾਵਾਂ ਤੋਂ ਲੋਹੇ ਦੇ ਬੈਰੀਕੇਡ ਲਗਾ ਕੇ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਹੁਣ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਕੁਝ ਵੀ ਹੋ ਜਾਵੇ। ਅੰਦੋਲਨਕਾਰੀਆਂ ਨੇ ਕਿਹਾ ਕਿ ਹੁਣ ਤੱਕ ਉਹ ਪੰਜ ਫੁੱਟ ਦਾ ਰਸਤਾ ਦੇਣ ਲਈ ਤਿਆਰ ਸੀ ਪਰ ਹੁਣ ਉਹ ਵੀ ਨਹੀਂ ਦੇਣਗੇ।

ਦੱਸ ਦੇਈਏ ਕਿ ਬੀਤੇ ਦਿਨੀ ਦਿੱਲੀ ਅਤੇ ਹਰਿਆਣਾ ਪੁਲਿਸ-ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਅੰਦੋਲਨਕਾਰੀਆਂ ਨੇ ਟਿੱਕਰੀ ਬਾਰਡਰ ਨੂੰ ਇੱਕ ਪਾਸੇ ਤੋਂ ਖੋਲ੍ਹਣ ਲਈ ਸਿਰਫ਼ ਪੰਜ ਫੁੱਟ ਦਾ ਰਸਤਾ ਦੇਣ ਦੀ ਸ਼ਰਤ ਰੱਖੀ ਸੀ। ਅਜਿਹੇ ‘ਚ ਇਹ ਬੈਠਕ ਬੇਸਿੱਟਾ ਰਹੀ ਅਤੇ ਸ਼ਨੀਵਾਰ ਨੂੰ ਫਿਰ ਤੋਂ ਗੱਲਬਾਤ ਹੋਣੀ ਸੀ ਪਰ ਜਿਵੇਂ ਹੀ ਦਿੱਲੀ ਪੁਲਿਸ ਨੇ ਰਾਤ ਨੂੰ ਰਸਤਾ ਖੋਲ੍ਹਿਆ ਤਾਂ ਅੰਦੋਲਨਕਾਰੀਆਂ ਨੇ ਹੰਗਾਮਾ ਕਰ ਦਿੱਤਾ।

ਅੰਦੋਲਨਕਾਰੀ ਬੈਰੀਕੇਡ ਹਟਾਉਣ ਲਈ ਆਈ ਜੇਸੀਬੀ ਅੱਗੇ ਲੇਟ ਗਏ। ਬਾਅਦ ‘ਚ ਦੋ ਥਾਵਾਂ ‘ਤੇ ਬੈਰੀਕੇਡ ਲਗਾ ਦਿੱਤੇ ਗਏ। ਅੰਦੋਲਨਕਾਰੀਆਂ ਨੇ ਹੁਣ ਦਿੱਲੀ ਪੁਲਿਸ ‘ਤੇ ਵਾਅਦੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸਰਹੱਦ ਨੂੰ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਹੰਗਾਮੇ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਤੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।