International

ਮਿਸਰ ‘ਚ ‘ਬਿੱਛੂਆਂ ਦਾ ਹੜ੍ਹ’, 500 ਤੋਂ ਵੱਧ ਲੋਕ ਡੰਗੇ

‘ਦ ਖ਼ਾਲਸ ਟੀਵੀ ਬਿਊਰੋ:-ਮਿਸਰ ਦੇ ਇੱਕ ਦੱਖਣੀ ਸੂਬੇ ‘ਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਬਿੱਛੂਆਂ ਦੇ ਡੰਗਣ ਦੀਆਂ ਘਟਨਾਵਾਂ ਵਧ ਗਈਆਂ ਹਨ। ਇਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵੱਧ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉੱਥੋਂ ਦੇ ਸਰਕਾਰੀ ਮੀਡੀਆ ਨੇ ਦਿੱਤੀ ਹੈ। ਗਵਰਨਰ ਅਸ਼ਰਫ ਅਤੀਆ ਨੇ ਕਿਹਾ ਹੈ ਕਿ ਸ਼ਨੀਵਾਰ ਦੇ ਅਖੀਰ ਤੱਕ ਅਸਵਾਨ ਸੂਬੇ ਵਿੱਚ ਮੀਂਹ, ਗੜੇ ਅਤੇ ਗਰਜ ਨੇ ਸਕੂਲਾਂ ਦੀਆਂ ਕਲਾਸਾਂ ਨੂੰ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਬਿੱਛੂਆਂ ਦੇ ਲੁਕਣ ਦੀਆਂ ਥਾਵਾਂ ਘਟਣ ਕਾਰਨ ਉਹ ਰਿਹਾਇਸ਼ੀ ਇਲਾਕਿਆਂ ਵੱਲ ਧੱਕੇ ਗਏ ਹਨ। ਇਸ ਵਜ੍ਹਾ ਕਾਰਨ ਬਿੱਛੂ ਦੇ ਡੰਗਣ ਤੋਂ ਬਾਅਦ ਘੱਟੋ-ਘੱਟ 503 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਨੂੰ ਜ਼ਹਿਰਰੋਧਕ ਦਵਾਈ ਦੇ ਕੇ ਹਸਪਤਾਲ ਤੋਂ ਫਾਰਿਗ ਕਰ ਦਿੱਤਾ ਗਿਆ ਹੈ।

ਹਾਲਾਂਕਿ ਕਾਰਜਕਾਰੀ ਸਿਹਤ ਮੰਤਰੀ ਖਾਲਿਦ ਅਬਦੇਲ-ਗਫਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਿੱਛੂ ਦੇ ਡੰਗਣ ਨਾਲ ਕੋਈ ਮੌਤ ਨਹੀਂ ਹੋਈ ਹੈ। ਸੋਸ਼ਲ ਮੀਡੀਆ ‘ਤੇ ਫੈਲੀਆਂ ਫੋਟੋਆਂ ਅਤੇ ਵੀਡੀਓ ਫੁਟੇਜ ਵਿੱਚ ਹੜ੍ਹਾਂ ਨਾਲ ਭਰੀਆਂ ਗਲੀਆਂ ਅਤੇ ਨੁਕਸਾਨੇ ਗਏ ਘਰਾਂ, ਵਾਹਨਾਂ ਅਤੇ ਖੇਤੀਬਾੜੀ ਫਾਰਮਾਂ ਨੂੰ ਦੇਖਿਆ ਜਾ ਸਕਦਾ ਹੈ। ਅਲ-ਅਹਰਾਮ ਰੋਜ਼ਾਨਾ ਨੇ ਅਸਵਾਨ ਵਿੱਚ ਸਿਹਤ ਮੰਤਰਾਲੇ ਦੇ ਅੰਡਰ ਸੈਕਟਰੀ ਅਹਾਬ ਹਾਨਾਫੀ ਦਾ ਹਵਾਲਾ ਦਿੰਦੇ ਹੋਏ ਮੌਤਾਂ ਦੀ ਰਿਪੋਰਟ ਜਾਰੀ ਕੀਤੀ ਹੈ। ਹਾਲਾਂਕਿ ਇਸਦੇ ਕਾਰਨ ਵਿਸਥਾਰ ਨਾਲ ਨਹੀਂ ਦੱਸੇ ਗਏ ਹਨ। ਮੀਂਹ ਕਾਰਨ ਬਿਜਲੀ ਹੋਣ ਨਾਲ ਵੀ ਲੋਕ ਪਰੇਸ਼ਾਨ ਹੋਏ ਹਨ।