ਅਮਰੀਕਾ-ਚੀਨ ਵਪਾਰਕ ਤਣਾਅ ਵਧਣ ਕਰਕੇ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਤਰਥੱਲੀ ਮੱਚੀ ਹੋਈ ਹੈ। ਦੋ ਦਿਨਾਂ ਦੀ ਤੇਜ਼ੀ ਮਗਰੋਂ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 165.3 ਅੰਕ ਡਿੱਗ ਕੇ 76,569.59 ’ਤੇ ਆ ਗਿਆ ਅਤੇ ਨਿਫਟੀ 51.55 ਅੰਕ ਡਿੱਗ ਕੇ 23,277 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਮਾਰੂਤੀ, ਸਨ ਫਾਰਮਾ, NTPC, ਟਾਟਾ ਸਟੀਲ, ਰਿਲਾਇੰਸ ਅਤੇ ਇਨਫੋਸਿਸ ਸਭ ਤੋਂ ਵੱਧ ਪਛੜ ਗਏ ਨੇ ਹਾਲਾਂਕਿ ਇੰਡਸਇੰਡ ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਕੋਟਕ ਮਹਿੰਦਰਾ ਬੈਂਕ ਨੇ ਮੁਨਾਫ਼ਾ ਖੱਟਿਆ ਹੈ। ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਇੰਡੈਕਸ, ਟੋਕੀਓ ਦਾ ਨਿੱਕੇਈ 225, ਸ਼ੰਘਾਈ SSE ਕੰਪੋਜ਼ਿਟ ਇੰਡੈਕਸ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਨਿਘਾਰ ਵੱਲ ਰਹੇ ਅਤੇ ਮੰਗਲਵਾਰ ਨੂੰ ਅਮਰੀਕੀ ਮਾਰਕੀਟ ਵੀ ਘਾਟੇ ‘ਚ ਬੰਦ ਹੋਈ।