ਕੈਨੇਡਾ ਦੇ ਤਿੰਨ ਮਲਟੀਪਲੈਕਸ ਸਿਨੇਮਾ ਘਰਾਂ ਵਿੱਚ ਹਿੰਦੀ ਫ਼ਿਲਮਾਂ ਦੇ ਸ਼ੋਅ ਦੌਰਾਨ ਬਦਬੂਦਾਰ ਬੰਬਾਂ ਦਾ ਛਿੜਕਾਅ ਕੀਤਾ ਗਿਆ। ਜਿਸ ਤੋਂ ਬਾਅਦ ਸਿਨੇਮਾ ਘਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਇਨ੍ਹਾਂ ਸਿਨੇਮਾ ਘਰਾਂ ‘ਚ ਹਿੰਦੀ ਫ਼ਿਲਮਾਂ ਐਨੀਮਲ, ਸੈਮ ਬਹਾਦਰ ਅਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰਿਜਨਲ ਪੁਲਿਸ ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਸਿਲਵਰ ਸਿਟੀ ਬਰੈਂਪਟਨ ਸਿਨੇਮਾ, ਸਿਨੇਪਲੈਕਸ ਸਿਨੇਮਾ, ਸਕਾਰਬਰੋ ਅਤੇ ਵੌਨ ਥੀਏਟਰ ਵਿੱਚ ਵਾਪਰੀ। ਯੌਰਕ ਰਿਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਯੌਰਕ ਵਿੱਚ ਹਾਈਵੇਅ 7 ਅਤੇ ਹਾਈਵੇਅ 400 ਦੇ ਨੇੜੇ ਇੱਕ ਫ਼ਿਲਮ ਥੀਏਟਰ ਵਿੱਚ ਵਾਪਰੀ।
ਦੋਵਾਂ ਵਿਅਕਤੀਆਂ ਵੱਲੋਂ ਛੱਡੇ ਗਏ ਅਣਪਛਾਤੇ ਪਦਾਰਥ ਕਾਰਨ ਦਰਸ਼ਕਾਂ ਵਿੱਚ ਖੰਘ ਪੈਦਾ ਕਰ ਦਿੱਤੀ। ਇਸ ਤੋਂ ਬਾਅਦ ਸਿਨੇਮਾ ਹਾਲ ਨੂੰ ਖ਼ਾਲੀ ਕਰਵਾ ਲਿਆ ਗਿਆ। ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਦੱਸੀ ਗਈ।