Punjab

ਮਤਰੇਏ ਪਿਤਾ ਨੇ ਕੀਤਾ 11 ਸਾਲ ਦੇ ਪੁੱਤਰ ਦਾ ਕਤਲ

ਸਰਦੂਲਗੜ੍ਹ ਦੇ ਵਾਰਡ ਨੰਬਰ 1 ਵਿੱਚ ਰਹਿੰਦੇ ਇਕ ਵਿਅਕਤੀ ਨੇ ਆਪਣੇ 11 ਸਾਲਾਂ ਮਤਰੇਏ ਪੁੱਤ ਦਾ ਕਤਲ ਕਰ ਦਿੱਤਾ।  ਮ੍ਰਿਤਕ ਬੱਚੇ ਦੇ ਮਾਮੇ ਵਕੀਲ ਸਿੰਘ ਪੁੱਤਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਜੋ ਕਿ ਪਹਿਲਾਂ ਪਿੰਡ ਰੋੜਾਂਵਾਲੀ ਦੇ ਗੁਰਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਭੈਣ ਦੀ ਕੁੱਖੋਂ ਦੋ ਬੱਚੇ ਲੜਕੀ ਜਸਵਿੰਦਰ ਕੌਰ ਅਤੇ ਲੜਕਾ ਅਕਾਸ਼ਦੀਪ ਸਿੰਘ ਪੈਦਾ ਹੋਏ, ਪਰ ਕਰੀਬ 10 ਸਾਲ ਪਹਿਲਾਂ ਮੇਰੀ ਭੈਣ ਹਰਪ੍ਰੀਤ ਕੌਰ ਦਾ ਗੁਰਪ੍ਰੀਤ ਸਿੰਘ ਰੋੜਾਂਵਾਲੀ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ।

ਇਸ ਤੋਂ ਛੇ ਸੱਤ ਮਹੀਨੇ ਬਾਅਦ ਹਰਪ੍ਰੀਤ ਕੌਰ ਦਾ ਦੁਬਾਰਾ ਵਿਆਹ ਗੁਰਪ੍ਰੀਤ ਸਿੰਘ ਵਾਸੀ ਹੀਰੇਵਾਲਾ ਨਾਲ ਸਿੱਖ ਰੀਤੀ ਰਿਵਾਜਾਂ ਮੁਤਾਬਕ ਗੁਰੂ ਘਰ ਝੰਡਾ ਸਾਹਿਬ ਵਿਖੇ ਕਰ ਦਿੱਤਾ ਗਿਆ। ਵਿਆਹ ਉਪਰੰਤ ਹਰਪ੍ਰੀਤ ਕੌਰ ਆਪਣੇ ਪਹਿਲੇ ਵਿਆਹ ਦੇ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਹੀਰੇਵਾਲਾ ਗੁਰਪ੍ਰੀਤ ਸਿੰਘ ਦੇ ਘਰ ਰਹਿਣ ਲੱਗ ਪਈ। ਥੋੜ੍ਹਾ ਸਮਾਂ ਬੀਤ ਜਾਣ ਬਾਅਦ ਇਨ੍ਹਾਂ ਦੇ ਇੱਕ ਲੜਕਾ ਹਰਜੋਤ ਸਿੰਘ ਪੈਦਾ ਹੋਇਆ ਜਿਸ ਦੀ ਉਮਰ ਕਰੀਬ 9 ਸਾਲ ਹੈ।

ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰਪ੍ਰੀਤ ਕੌਰ ਦੇ ਪਹਿਲੇ ਵਿਆਹ ਦੇ ਬੱਚਿਆਂ ਤੋਂ ਨਫਰਤ ਕਰਨ ਲੱਗ ਗਿਆ, ਜਿਸ ’ਤੇ ਅਸੀਂ ਦੋਵੇਂ ਬੱਚਿਆਂ ਨੂੰ ਆਪਣੇ ਘਰ ਲੈ ਆਏ ਅਤੇ ਗੁਰਪ੍ਰੀਤ ਸਿੰਘ ਵੀ ਪਿੰਡ ਹੀਰੇਵਾਲਾ ਤੋਂ ਸਰਦੂਲਗੜ੍ਹ ਦੇ ਵਾਰਡ ਨੰਬਰ ਇੱਕ ਵਿੱਚ ਰਹਿਣ ਲੱਗ ਪਿਆ। ਉਸ ਦੇ ਨਾਲ ਉਸ ਦਾ ਬੇਟਾ ਹਰਜੋਤ ਸਿੰਘ ਵੀ ਸੀ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਸਾਡਾ ਭਾਣਜਾ ਆਕਾਸ਼ਦੀਪ ਛੇਵੀਂ ਕਲਾਸ ਵਿੱਚ ਉਸੇ ਸਕੂਲ ਵਿੱਚ ਪੜ੍ਹਦਾ ਸੀ।

ਸਕੂਲ ਦੀ ਛੁੱਟੀ ਹੋਣ ਬਾਅਦ ਜਦੋਂ ਆਕਾਸ਼ਦੀਪ ਘਰ ਨਾ ਪਰਤਿਆ ਤਾਂ ਮੈਂ ਆਪਣੇ ਪਿਤਾ ਪਾਲ ਸਿੰਘ ਨੂੰ ਨਾਲ ਲੈ ਕੇ ਉਸ ਦੀ ਤਲਾਸ਼ ਲਈ ਉਸ ਦੇ ਸਕੂਲ ਗਏ, ਪਰ ਜਦੋਂ ਉੱਥੇ ਵੀ ਨਾ ਮਿਲਿਆ ਤਾਂ ਅਸੀਂ ਗੁਰਪ੍ਰੀਤ ਸਿੰਘ ਦੇ ਘਰ ਚਲੇ ਗਏ, ਜਿੱਥੇ ਜਾ ਕੇ ਦੇਖਿਆ ਕਿ ਇੱਕ ਕਮਰੇ ਵਿੱਚ ਮੇਰਾ ਭਾਣਜਾ ਆਕਾਸ਼ਦੀਪ ਸਿੰਘ ਦਾ ਗਲਾ ਘੁੱਟ ਕੇ ਮਾਰ ਰਿਹਾ ਸੀ ਸਾਡੇ ਰੌਲਾ ਪਾਉਣ ‘ਤੇ ਉਹ ਮੌਕੇ ਤੋਂ ਭੱਜ ਗਿਆ, ਜਦੋਂ ਅਸੀਂ ਆਪਣੇ ਭਾਣਜੇ ਨੂੰ ਸੰਭਾਲਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ  ਡੀਐਸਪੀ ਸਰਦੂਲਗੜ੍ਹ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ ਦੇ ਮਾਮਾ ਵਕੀਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਸਕੂਲ ਤੋਂ ਘਰ ਨਹੀਂ ਆਇਆ।

ਜਦੋਂ ਉਹ ਆਪਣੇ ਗੁਆਂਢੀ ਜੀਜਾ ਦੇ ਘਰ ਗਿਆ ਤਾਂ ਦੇਖਿਆ ਕਿ ਬੱਚੇ ਨੂੰ ਕੱਪੜੇ ਨਾਲ ਗਲਾ ਘੁੱਟ ਕੇ ਮਾਰਿਆ ਹੋਇਆ ਸੀ। ਜਿਸ ਦੀ ਸੂਚਨਾ ਉਸ ਨੇ ਤੁਰੰਤ ਪੁਲਿਸ ਪਾਰਟੀ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਬੱਚੇ ਦਾ ਕਤਲ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਬੱਚੇ ਅਕਾਸ਼ਦੀਪ ਦੇ ਨਾਨੇ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਦੂਜਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਜਿੱਥੇ ਉਹ ਆਪਣੇ ਦੋ ਪੁੱਤਰਾਂ ਅਤੇ ਧੀ ਸਮੇਤ ਗਈ ਹੋਈ ਸੀ।

ਪਰ ਕੁਝ ਸਮੇਂ ਬਾਅਦ ਉਸ ਦੇ ਘਰ ਇਕ ਹੋਰ ਪੁੱਤਰ ਨੇ ਜਨਮ ਲਿਆ, ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਵਿਆਹ ਤੋਂ ਪਹਿਲਾਂ ਆਪਣੇ ਨਾਲ ਲਿਆਏ ਦੋ ਬੱਚਿਆਂ ਨੂੰ ਘਰੋਂ ਬਾਹਰ ਸੁੱਟ ਦਿੱਤਾ। ਜੋ ਆਪਣੇ ਨਾਨਕੇ ਘਰ ਰਹਿਣ ਲੱਗ ਪਿਆ। ਗੁਰਪ੍ਰੀਤ ਸਿੰਘ ਵੀ ਇਸੇ ਮੁਹੱਲੇ ਵਿੱਚ ਰਹਿੰਦਾ ਸੀ, ਜਿਸ ਕਾਰਨ ਉਸ ਨੇ ਸਕੂਲ ਜਾਂਦੇ ਸਮੇਂ ਅਕਾਸ਼ਦੀਪ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।