The Khalas Tv Blog India ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
India Punjab

ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ

ਸੁਪਰੀਮ ਕੋਰਟ ਨੇ ਖਾਲਸਾ ਯੂਨੀਵਰਸਿਟੀ (ਮਨਸੂਖ) ਐਕਟ-2017 ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਖਾਲਸਾ ਯੂਨੀਵਰਸਿਟੀ ਐਕਟ-2016 ਨੂੰ ਲਾਗੂ ਕਰਦਿਆਂ ਉਸ ਦਾ ਦਰਜਾ ਬਹਾਲ ਕਰ ਦਿੱਤਾ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਣ ’ਤੇ ਆਧਾਰਿਤ ਬੈਂਚ ਨੇ 65 ਪੰਨਿਆਂ ਦੇ ਫ਼ੈਸਲੇ ’ਚ ’ਵਰਸਿਟੀ ਨੂੰ ਸੁਰਜੀਤ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਯੂਨੀਵਰਸਿਟੀ ਦੀ ਬਹਾਲੀ ਦੇ ਲਏ ਪੱਖ ਨੂੰ ਸਹੀ ਕਰਾਰ ਦਿੱਤਾ।

ਕੌਂਸਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਪਹਿਲੀ ਨਵੰਬਰ, 2017 ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਵਿਧਾਨ ਸਭਾ ਵੱਲੋਂ 2016 ’ਚ ਬਣਾਏ ਗਏ ਐਕਟ ਨੂੰ ਸਹੀ ਠਹਿਰਾਇਆ।

ਜ਼ਿਕਰਯੋਗ ਹੈ ਕਿ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ 2016 ’ਚ ਕੀਤੀ ਸੀ ਪਰ ਜਦੋਂ ਅਗਲੇ ਸਾਲ-2017 ’ਚ ਸਰਕਾਰ ਬਦਲੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁਕਦਿਆਂ ਹੀ ਆਰਡੀਨੈਂਸ ਜਾਰੀ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਨੂੰ ਖ਼ਤਮ ਕਰ ਦਿਤਾ।

ਸੁਪਰੀਮ ਕੋਰਟ ਨੇ ਅਪਣੀ 10 ਸਤੰਬਰ 2024 ਨੂੰ ਸੁਣਵਾਈ ਦੌਰਾਨ ਵੇਖਿਆ ਕਿ ‘ਜੇਕਰ ਇਕ ਸਿਆਸੀ ਪਾਰਟੀ ਸੱਤਾ ’ਚ ਆਉਂਦੀ ਹੈ ਅਤੇ ਯੂਨੀਵਰਸਿਟੀ ਲਈ ਕਾਨੂੰਨ ਲਿਆਉਂਦੀ ਹੈ ਤੇ ਕੋਈ ਹੋਰ ਸਿਆਸੀ ਪਾਰਟੀ ਸੱਤਾ ’ਚ ਆਉਣ ’ਤੇ ਉਸ ਨੂੰ ਰੱਦ ਕਰ ਦਿੰਦੀ ਹੈ ਤਾਂ ਕੀ ਇਹ ਸਮਾਜ ਵਿਚ ਬੇਯਕੀਨੀ ਦਾ ਮਾਹੌਲ ਨਹੀਂ ਸਿਰਜੇਗੀ।’

ਖ਼ਾਲਸਾ ਯੂਨੀਵਰਸਿਟੀ ਮੈਨੇਜਮੈਂਟ ਵਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਨੇ ਪੱਖ ਪੇਸ਼ ਕਰਦਿਆਂ ਕਿਹਾ ਕਿ ‘ਰੀਪੀਲਸ ਐਕਟ’ ਸਰਕਾਰ ਦਾ ਇਕ ਤਰ੍ਹਾਂ ਦਾ ‘ਮਨਮਾਨੀ’ ਵਾਲਾ ਫ਼ੈਸਲਾ ਸੀ ਅਤੇ ਇਸ ਵਿਚ ਸੰਵਿਧਾਨ ਦੀ ਧਾਰਾ 14 ਦੀ ਘੋਰ ਉਲੰਘਣਾ ਹੋਈ ਹੈ, ਕਿਉਂਕਿ ਕਾਨੂੰਨ ਸਾਹਮਣੇ ਸੱਭ ਬਰਾਬਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਕਿਸੇ ਵੀ ਤਰ੍ਹਾਂ ਨਾਲ 1892 ਦੀ ਬਣੀ ਖ਼ਾਲਸਾ ਕਾਲਜ ਦੀ ਵਿਰਾਸਤੀ ਇਮਾਰਤ ਨੂੰ ਪ੍ਰਭਾਵਤ ਨਹੀਂ ਕਰੇਗੀ, ਕਿਉਂਕਿ ਯੂਨੀਵਰਸਿਟੀ ਦੀ ਹੋਂਦ ਖ਼ਾਲਸਾ ਕਾਲਜ ਤੋਂ ਅਲੱਗ ਹੈ।

ਇਸ ਸਬੰਧੀ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਸ ਸਮੇਂ ਦੀ ਪੰਜਾਬ ਸਰਕਾਰ ਦੇ ਮਨਮਾਨੇ ਫ਼ੈਸਲੇ ਨੂੰ ਮੈਨੇਜਮੈਂਟ ਵਲੋਂ ਪੰਜਾਬ-ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿਤੀ ਗਈ ਪਰ ਇਸ ਪਟੀਸ਼ਨ ਨੂੰ ਖ਼ਾਰਜ ਕਰ ਦਿਤਾ ਗਿਆ ਤੇ ਇਸ ਤਰ੍ਹਾਂ ਖ਼ਾਲਸਾ ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਸਰਕਾਰ ਦੇ ਫ਼ੈਸਲਿਆਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿਤੀ ਅਤੇ ਹੁਣ 7 ਸਾਲ ਤੋਂ ਵੱਧ ਦੀ ਲੰਮੀ ਲੜਾਈ ਤੋਂ ਬਾਅਦ ਮੈਨੇਜਮੈਂਟ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਖ਼ਾਲਸਾ ਕਾਲਜ ਮੈਨੇਜਮੈਂਟ ਵਲੋਂ 2025-26 ਅਕਾਦਮਿਕ ਸੈਸ਼ਨ ਲਈ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿਤਾ ਗਿਆ ਹੈ।
ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਉਪਰੰਤ ਛੀਨਾ ਨੇ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ, ਅਜਮੇਰ ਸਿੰਘ ਹੇਰ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਅਤੇ ਹੋਰਾਂ ਨਾਲ ਮਿਲ ਕੇ ਕੈਂਪਸ ਸਥਿਤ ਗੁਰਦੁਆਰੇ ’ਚ ਜਪੁਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਖਾਲਸਾ ਕਾਲਜ ਮੈਨੇਜਮੈਂਟ ਵੱਲੋਂ 2025-26 ਅਕਾਦਮਿਕ ਸੈਸ਼ਨ ਲਈ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

Exit mobile version