Punjab

RDF ‘ਤੇ ਇੱਕ ਦਾ ਵਾਰ ਤਾਂ ਦੂਜੇ ਦਾ ਪਲਟਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਣਕ ਦੇ ਸੀਜ਼ਨ ਲਈ ਆਰਡੀਐੱਫ (Rural Development Fund) ਰੋਕੇ ਜਾਣ ‘ਤੇ ਕਿਹਾ ਕਿ ‘ਪੰਜਾਬ ਨਾਲ ਕੋਈ ਖਾਸ ਵਿਤਕਰਾ ਨਹੀਂ ਹੋ ਰਿਹਾ। ਸਾਰੇ ਸੂਬਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਇਸ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਵਾਲੇ ਫੈਸਲੇ ‘ਤੇ ਕਿਸਾਨ ਖੁਸ਼ ਹੋਏ ਸਨ ਪਰ ਪੰਜਾਬ ਸਰਕਾਰ ਉਸਦਾ ਵਿਰੋਧ ਕਰਦੀ ਰਹੀ। ਇਸ ਲਈ ਪੰਜਾਬ ਸਰਕਾਰ ਦੀ ਹਰ ਕੰਮ ਵਿੱਚ ਵਿਤਕਰਾ ਹੋਣ ਦੀ ਗੱਲ ਕਹਿਣਾ ਆਦਤ ਹੈ’।

ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ

ਗਰੇਵਾਲ ਨੇ ਕਿਹਾ ਕਿ ‘ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਗਲਤ ਵਹਿਮ ਪਾਉਣਾ ਕਿ ਸਰਕਾਰ ਉਨ੍ਹਾਂ ਦੇ ਖਿਲਾਫ ਹੈ, ਇਹ ਗਲਤ ਗੱਲ ਹੈ। ਕੇਂਦਰ ਸਰਕਾਰ ਨੇ ਸੰਘੀ ਢਾਂਚੇ ‘ਤੇ ਕੋਈ ਹਮਲਾ ਨਹੀਂ ਕੀਤਾ ਹੈ। ਸਾਰੇ ਸੂਬਿਆਂ ਨੂੰ ਸਭ ਕੁੱਝ ਬਰਾਬਰ ਵੰਡਿਆ ਜਾ ਰਿਹਾ ਹੈ। ਭਾਰਤ ਸਰਕਾਰ ਕਿਸਾਨਾਂ ਦੀਆਂ ਹਰ ਮੰਗਾਂ ਮੰਨਣ ਲਈ ਤਿਆਰ ਹੈ, ਜੇ ਫਿਰ ਵੀ ਕਿਸਾਨ ਅੰਦੋਲਨ ਖਤਮ ਨਾ ਕਰਨ ਤਾਂ ਅਸੀਂ ਇਸ ਵਿੱਚ ਕੁੱਝ ਨਹੀਂ ਕਰ ਸਕਦੇ’।

ਹਰਮੀਤ ਕਾਦੀਆਂ ਦਾ ਪਲਟਵਾਰ

ਕਿਸਾਨ ਲੀਡਰ ਹਰਮੀਤ ਕਾਦੀਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਕਣਕ ਦੇ ਸੀਜ਼ਨ ਲਈ ਆਰਡੀਐੱਫ (Rural Development Fund) ਰੋਕੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ‘ਕੇਂਦਰ ਸਰਕਾਰ ਸੂਬੇ ਦੇ ਅਧਿਕਾਰਾਂ ਨੂੰ ਇੱਕ-ਇੱਕ ਕਰਕੇ ਖੋਹ ਰਹੀ ਹੈ। ਪਹਿਲਾਂ ਖੇਤੀ ਕਾਨੂੰਨ ਬਣਾਏ, ਹੁਣ ਆਰਡੀਐੱਫ ਖਤਮ ਕਰ ਦਿੱਤੀ। ਅਸੀਂ ਇਨ੍ਹਾਂ ਗੱਲਾਂ ਕਰਕੇ ਹੀ ਤਾਂ ਅੰਦੋਲਨ ਲੜ ਰਹੇ ਹਾਂ। ਆਰਡੀਐੱਫ ਖਤਮ ਹੋਣ ਨਾਲ ਸੂਬੇ ਦੇ ਸਾਰੇ ਕੰਮਾਂ ‘ਤੇ ਰੋਕ ਲੱਗ ਜਾਵੇਗੀ’।

ਕਿਸਾਨ ਲੀਡਰ ਹਰਮੀਤ ਕਾਦੀਆਂ

ਕਾਦੀਆਂ ਨੇ ਗਰੇਵਾਲ ‘ਤੇ ਤੰਜ ਕੱਸਦਿਆਂ ਕਿਹਾ ਕਿ ਆਪਣੀ ਪਾਰਟੀ ਨੂੰ ਜਾਇਜ਼ ਠਹਿਰਾਉਣਾ ਕਿਸੇ ਹੱਦ ਤੱਕ ਠੀਕ ਹੈ ਪਰ ਤੁਸੀਂ ਆਪਣੀ ਪਾਰਟੀ ਨੂੰ ਇੰਨਾ ਜ਼ਿਆਦਾ ਜਾਇਜ਼ (Justify) ਠਹਿਰਾ ਰਹੇ ਹੋ ਕਿ ਸਰਕਾਰ ਦੀਆਂ ਜੋ ਬਿਲਕੁਲ ਹੀ ਗਲਤ ਗੱਲਾਂ ਹਨ, ਉਨ੍ਹਾਂ ਨੂੰ ਵੀ ਜਾਇਜ਼ ਠਹਿਰਾ ਰਹੇ ਹੋ।