‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ ਵੈਂਟੀਲੇਟਰਾਂ ਦੀ ਵਰਤੋਂ ਨਾ ਕਰਨ ‘ਤੇ ਬੋਲਦਿਆਂ ਕਿਹਾ ਕਿ ‘ਇਹ ਸਮਾਂ ਇੱਕ-ਦੂਜੇ ਉੱਤੇ ਦੋਸ਼ ਲਾਉਣ ਦਾ ਨਹੀਂ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਇੰਨਾ ਪਤਾ ਹੈ ਕਿ ਕੇਂਦਰ ਸਰਕਾਰ ਕੋਈ ਵੀ ਗੈਰ-ਜ਼ਿੰਮੇਵਾਰਾਨਾ ਗੱਲ ਨਹੀਂ ਕਰ ਸਕਦੀ। ਜੇ ਕੇਂਦਰ ਸਰਕਾਰ ਨੇ ਕੋਈ ਬਿਆਨ ਦਿੱਤਾ ਹੈ ਤਾਂ ਉਹ ਵਾਜਿਬ ਹੈ, ਸਹੀ ਹੈ ਅਤੇ ਉਸ ਵਿੱਚ ਸੱਚਾਈ ਹੈ’।
ਗਰੇਵਾਲ ਨੇ ਕਿਹਾ ਕਿ ‘ਮੈਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਵੀ ਝੂਠਾ ਨਹੀਂ ਕਹਿ ਰਿਹਾ, ਉਹ ਵੀ ਠੀਕ ਹੀ ਕਹਿ ਰਹੇ ਹਨ। ਇਸ ਲਈ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਇੱਕ-ਦੂਜੇ ਦਾ ਸਹਿਯੋਗ ਕਰਕੇ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਜੋ ਅੰਕੜੇ ਦੱਸੇ ਹਨ, ਉਹ ਬਿਲਕੁਲ ਸਹੀ ਹਨ’।
ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਭੇਜੇ ਗਏ ਵੈਂਟੀਲੇਟਰਾਂ ਦੇ ਇਸਤੇਮਾਲ ਨਾ ਕਰਨ ‘ਤੇ ਜਵਾਬ ਮੰਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਭੇਜੇ ਗਏ ਸਾਰੇ ਵੈਂਟੀਲੇਟਰ ਇਸਤੇਮਾਲ ਕਿਉਂ ਨਹੀਂ ਹੋ ਰਹੇ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੁੱਲ 809 ਵੈਂਟੀਲੇਟਰ ਭੇਜੇ ਹਨ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ 558 ਵੈਂਟੀਲੇਟਰ ਹੀ ਇਸਤੇਮਾਲ ਕੀਤੇ ਜਾ ਰਹੇ ਹਨ, ਬਾਕੀ 251 ਵੈਂਟੀਲੇਟਰਾਂ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ।