‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਗੁਰਦੁਆਰਿਆਂ ਨੂੰ ਮਰਿਆਦਾ ‘ਚ ਚਲਾਉਣ ਅਤੇ ਭ੍ਰਿਸ਼ਟਾਚਾਰੀ ਸਿਸਟਮ ਤੋਂ ਮੁਕਤ ਕਰਵਾਉਣ ਲਈ ਬਣਾਈ ਪੰਥਕ ਅਕਾਲੀ ਲਹਿਰ ਨੂੰ ਸੂਬਾ ਪੱਧਰੀ ਟੀਮ (State body) ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਥਕ ਅਕਾਲੀ ਲਹਿਰ ਨੂੰ ਸੂਬਾ ਪੱਧਰੀ ਟੀਮ ਐਲਾਨ ਕਰਦਿਆਂ ਕਿਹਾ ਕਿ ਪੰਥਕ ਅਕਾਲੀ ਲਹਿਰ ਦਾ ਦਾਇਰਾ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਫੈਲਾਇਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਫੈਸਲਾ, ਨੀਤੀਆਂ, ਪ੍ਰਗਰਾਮ ਸਟੇਟ ਬਾਡੀ ਤੈਅ ਕਰੇਗੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪਰਿਵਾਰਵਾਦ ਨੂੰ ਖਤਮ ਕਰਕੇ ਇਹ ਮਿਸ਼ਨ ਨਿਰੋਲ ਪੰਥਕ ਹੱਥਾਂ ਦੇ ਵਿੱਚ ਦੇਣਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਿਰੋਲ ਧਾਰਮਿਕ ਜਥੇਬੰਦੀ ਹੈ ਅਤੇ ਇਸ ਜਥੇਬੰਦੀ ਦੀ ਟਿਕਟ ‘ਤੇ ਲੜਨ ਵਾਲਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਕਦੇ ਵੀ ਰਾਜਸੀ ਚੋਣ ਨਹੀਂ ਲੜ ਸਕਦਾ, ਉਸਨੂੰ ਨਿਰੋਲ ਧਾਰਮਿਕ ਹੋ ਕੇ ਸਿੱਖ ਸੰਗਤ ਦੀ ਸੇਵਾ ਕਰਨੀ ਹੋਵੇਗੀ।
ਇਸ ਕਮੇਟੀ ਵਿੱਚ ਜਿਹੜੇ ਵੀ ਮੈਂਬਰ ਚੁਣੇ ਜਾਣਗੇ, ਉਹ ਇਲਾਕੇ ਦੇ ਸਿੱਖਾਂ ਦੀ ਸਲਾਹ ਨਾਲ ਚੁਣੇ ਜਾਣਗੇ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚੋਂ ਆਪਣੀ ਸਿਆਸਤ ਕਰਨ ਪਰ ਪੰਥਕ ਅਕਾਲੀ ਲਹਿਰ ਇੱਕ ਸਾਂਝਾ ਮਿਸ਼ਨ ਹੈ ਜਿਹੜੀ ਨਿਰੋਲ ਧਰਮ ਦਾ ਪ੍ਰਚਾਰ ਕਰਨ ਦਾ ਹੋਕਾ ਦਿੰਦੀ ਹੈ।