Punjab

ਸਰਕਾਰੀ ਸੈਕੰਡਰੀ ਸਕੂਲ ਖਾਰਾ ਦੇ ਸਮੂਹ ਸਟਾਫ਼ ਵੱਲੋਂ ਸਟੇਟ ਅਵਾਰਡੀ ਅਧਿਆਪਕ ਗੁਰਨਾਮ ਸਿੰਘ ਦਾ ਸਨਮਾਨ

ਮਾਨਸਾ :  ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਮਾਨਸਾ ਜ਼ਿਲ੍ਹੇ ਪਿੰਡ ਬਰਨਾਲਾ ਦੇ ਜੰਮਪਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਸਕੂਲ ਮੁਖੀ ਸ੍ਰੀ ਗੁਰਨਾਮ ਸਿੰਘ ਦਾ ਅੱਜ ਸਰਕਾਰੀ ਸੈਕੰਡਰੀ ਸਕੂਲ ਖਾਰਾ ਵਿਖੇ ਪਹੁੰਚਣ ਤੇ ਸਕੂਲ ਮੁਖੀ ਸ੍ਰੀ ਚਮਕੌਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ ।

ਸਰਕਾਰੀ ਸੈਕੰਡਰੀ ਸਕੂਲ ਖਾਰਾ ਦੇ ਸਾਬਕਾ ਵਿਦਿਆਰਥੀ ਅਤੇ ਸਟੇਟ ਅਵਾਰਡੀ ਅਧਿਆਪਕ ਗੁਰਨਾਮ ਸਿੰਘ ਸਕੂਲ ਵਿਖੇ ਆਪਣੀ ਖੁਸ਼ੀ ਸਾਂਝੀ ਕਰਨ ਪਹੁੰਚੇ ਸਨ । ਵਿਦਿਆਰਥੀਆਂ ਨਾਲ ਆਪਣੇ ਪ੍ਰੇਰਨਾਮਈ ਸੰਬੋਧਨ ਦੌਰਾਨ ਉਹਨਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ,ਸਖ਼ਤ ਮਿਹਨਤ ਅਤੇ ਆਪਣੇ ਅਧਿਆਪਕਾਂ ਖ਼ਾਸ ਤੌਰ ਤੇ ਸ. ਚਮਕੌਰ ਸਿੰਘ ਨੂੰ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ ਅਤੇ ਅਧਿਆਪਕਾਂ ਦਾ ਸਤਿਕਾਰ ਅਜਿਹੇ ਮੂਲਮੰਤਰ ਹਨ ਜਿੰਨਾਂ ਰਾਹੀ ਹਰੇਕ ਵਿਦਿਆਰਥੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ। ਉਹਨਾਂ ਕਿਹਾ ਕਿ ਉਹ ਇੱਕ ਗਰੀਬ ਮਜ਼ਦੂਰ ਪਰਿਵਾਰ ਚੋਂ ਉੱਠ ਕੇ ਪੜ੍ਹਾਈ ਦੇ ਸਿਰ ਤੇ ਹੀ ਇੱਥੇ ਤੱਕ ਪਹੁੰਚੇ ਹਨ। ਉਹਨਾਂ ਕਿਹਾ ਕਿ ਗਰੀਬੀ ਕਦੇ ਵੀ ਮਿਹਨਤੀ ਵਿਅਕਤੀਆਂ ਦੇ ਰਸਤੇ ਚ ਰੁਕਾਵਟ ਨਹੀਂ ਬਣ ਸਕਦੀ। ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।


ਆਪਣੇ ਸਾਬਕਾ ਵਿਦਿਆਰਥੀ ਨੂੰ ਸਮੂਹ ਸਟਾਫ਼ ਵੱਲੋਂ ਵਧਾਈ ਦਿੰਦਿਆਂ ਸਕੂਲ ਮੁਖੀ ਸ੍ਰੀ ਚਮਕੌਰ ਸਿੰਘ ਖਾਰਾ ਨੇ ਕਿਹਾ ਕਿ ਗੁਰਨਾਮ ਸਿੰਘ ਨੇ ਆਪਣੀ ਮਿਹਨਤ ਨਾਲ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ।

ਸਕੂਲ ਅਧਿਆਪਕ ਧਰਮਪਾਲ ਸ਼ਰਮਾ ਨੇ ਸਮੂਹ ਸਟਾਫ਼ ਵੱਲੋਂ ਵਧਾਈ ਦਿੰਦਿਆਂ ਕਿਹਾ ਕਿ ਗੁਰਨਾਮ ਸਿੰਘ ਇੱਕ ਮਿਹਨਤੀ ਅਧਿਆਪਕ ਹਨ। ਉਹਨਾਂ ਦੀ ਇਸ ਪ੍ਰਾਪਤੀ ਨਾਲ ਮਾਨਸਾ ਜ਼ਿਲ੍ਹੇ ਦੇ ਸਮੂਹ ਮਿਹਨਤੀ ਅਧਿਆਪਕਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਅਜਿਹੇ ਮਿਹਨਤੀ ਅਧਿਆਪਕਾਂ ਦੇ ਸਨਮਾਨ ਨਾਲ ਲੋਕਾਂ ਦਾ ਸਰਕਾਰੀ ਸਕੂਲਾਂ ਚ ਵਿਸ਼ਵਾਸ ਹੋਰ ਪੱਕਾ ਹੋਵੇਗਾ। ਖਾਰਾ ਸਕੂਲ ਨੂੰ ਆਪਣੇ ਇਸ ਮਿਹਨਤੀ ਵਿਦਿਆਰਥੀ ਤੇ ਹਮੇਸ਼ਾ ਮਾਣ ਰਹੇਗਾ।

ਗੁਰਨਾਮ ਸਿੰਘ ਵੱਲੋਂ ਸਕੂਲ ਦੀ ਭਲਾਈ ਲਈ 2100 ਰੁਪਏ ਦਾਨ ਵੀ ਦਿੱਤਾ ਗਿਆ। ਇਸ ਮੌਕੇ ਸ਼ੁਸਮਾ ਰਾਣੀ, ਵਿਜੈ ਕੁਮਾਰ ਗਰਗ, ਵਰਿੰਦਰ ਕੌਰ, ਤਜਿੰਦਰ ਸ਼ਰਮਾ, ਬਲਵਿੰਦਰ ਸਿੰਘ, ਹਿਮਾਂਸ਼ੂ ਕੁਮਾਰ, ਰੇਖਾ ਰਾਣੀ, ਮੋਨਿਕਾ ਰਾਣੀ, ਪਰਮਿੰਦਰ ਸਿੰਘ, ਕੁਲਵਿੰਦਰ ਕੌਰ, ਮਧੂ ਬਾਲਾ, ਰੇਖਾ ਰਾਣੀ ਆਦਿ ਅਧਿਆਪਕ ਹਾਜ਼ਰ ਸਨ।