ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਜਦੋਂ ਵੀ ਵਿਆਹ ਦੀ ਗੱਲ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਆਹਾਂ ਵਿੱਚ ਖੁੱਲ੍ਹਾ ਖ਼ਰਚਾ ਕਰਦੇ ਹਨ। ਅਸੀਂ ਸ਼ਾਇਦ ਸੋਚਦੇ ਹਾਂ ਕਿ ਸਾਡੇ ਸ਼ਾਹੀ ਵਿਆਹ ਜ਼ਿਆਦਾ ਮਹਿੰਗੇ ਹਨ ਏਸ਼ੀਆ ਦੇ ਸਬ ਤੋਂ ਅਮੀਰ ਆਦਮੀ ਮੁਕੇਸ਼ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਰਬਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਦਾ ਵਿਆਹ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਬੀਕੇਸੀ, ਮੁੰਬਈ ਵਿੱਚ ਹੋਇਆ।
ਇਸ ਵਿਆਹ ਵਿੱਚ ਸ਼ਗਨ ਦੇਣ ਵਾਲੇ ਲੋਕਾਂ ਦੀ ਸੂਚੀ ਵਿੱਚ ਮੈਟਾ ਦੇ ਮਾਲਕ ਮਾਰਕ ਜ਼ਕਰਬਰਗ ਅਤੇ ਮਾਈਕਰੋਸਾਫਟ ਦੇ ਮਾਲਕ ਬਿਲ ਗੇਟਸ ਵੀ ਸ਼ਾਮਲ ਸਨ। ਬਾਲੀਵੁੱਡ ਦੇ ਖ਼ਾਨਾਂ ਨੇ ਵੀ ਡਾਂਸ ਕੀਤਾ। ਜਸਟਿਨ ਬੀਬਰ ਨੇ ਬਨੈਣ ਪਾ ਕੇ ਗਾਣੇ ਗਾਏ ਤੇ ਰਿਹਾਨਾ ਅਤੇ ਦਿਲਜੀਤ ਦੋਸਾਂਝ ਨੇ ਵੀ ਸਭ ਨੂੰ ਨਚਾਇਆ।
ਬ੍ਰਿਟਿਸ਼ ਡੇਅਲੀ ‘ਦ ਗਾਰਡੀਅਨ’ ਮੁਤਾਬਕ ਇਸ ਵਿਆਹ ਦੇ ਪ੍ਰੋਗਰਾਮਾਂ ’ਤੇ ਕੁੱਲ ਮਿਲਾ ਕੇ 600 ਮਿਲੀਅਨ ਡਾਲਰ ਦਾ ਖ਼ਰਚਾ ਆਇਆ ਹੈ ਜੋ ਭਾਰਤੀ ਕਰੰਸੀ ਵਿੱਚ ₹5,014.92 ਕਰੋੜ ਬਣਦਾ ਹੈ। ਜਦਕਿ ਬ੍ਰਿਟੇਨ ਦੇ ਹੀ ਇੱਕ ਹੋਰ ਟੈਬਲੌਇਡ ਅਖ਼ਬਾਰ ‘ਦ ਸਨ’ ਮੁਤਾਬਕ ਇਹ ਅੰਕੜਾ £563 ਮਿਲੀਅਨ, ਯਾਨੀ ਲਗਭਗ ₹5,630 ਕਰੋੜ ਬਣਦਾ ਹੈ।
ਏਨਾ ਪੈਸਾ ਵਿਆਹ ’ਤੇ ਲਾਇਆ ਹੈ, ਦੇ ਸ਼ਗਨ ਤੇ ਤੋਹਫਿਆਂ ਦੀ ਗੱਲ ਕਰੀਏ ਤਾਂ ‘ਦ ਸਨ’ ਦੀ ਰਿਪੋਰਟ ਮੁਤਾਬਕ ਅਨੰਤ ਤੇ ਰਾਧਿਕਾ ਨੂੰ ਵਿਆਹ ’ਤੇ 10,82 ਕਰੋੜ ਦੇ ਤੋਹਫੇ ਮਿਲਣ ਦੀ ਉਮੀਦ ਹੈ। ਅਨੰਤ ਦੇ ਪਿਤਾ ਮੁਕੇਸ਼ ਅੰਬਾਨੀ ਨੇ ਪਹਿਲਾਂ ਹੀ ਜੋੜੇ ਲਈ ਦੁਬਈ ਵਿੱਚ ਲਗਭਗ 671 ਕਰੋੜ ਦਾ ਵਿਲਾ ਤੋਹਫ਼ੇ ਵਜੋਂ ਖ਼ਰੀਦਿਆ ਹੈ।
ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਆਪਣੇ ਮੁੰਡੇ ਅਨੰਤ ਦੇ ਵਿਆਹ ’ਤੇ ਉਨ੍ਹਾਂ ਦਿਲ ਖੋਲ੍ਹ ਕੇ ਖ਼ਰਚਾ ਕੀਤਾ ਹੈ। ਇਸ ਵਿਆਹ ਵਿੱਚ ਦੁਨੀਆ ਦੇ 5,000 ਸਭ ਤੋਂ ਅਮੀਰ ਲੋਕਾਂ ਨੇ ਸ਼ਿਰਕਤ ਕੀਤੀ ਹੈ।
20 ਮਿਲੀਅਨ ਫੁੱਲਾਂ ਦੀ ਸਜਾਵਟ
ਰਿਪੋਰਟਾਂ ਮੁਤਾਬਕ ਵਿਆਹ ਵਾਲੇ ਪ੍ਰੋਗਰਾਮ ਵਾਲੀ ਥਾਂ ਦੇ ਚਾਰੇ ਪਾਸੇ ਲਗਭਗ 20 ਮਿਲੀਅਨ ਫੁੱਲਾਂ ਨਾਲ ਸਜਾਵਟ ਕੀਤੀ ਗਈ। ਇਲਾਕੇ ਨੂੰ ਸੁੰਦਰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਅੰਬਾਨੀ ਪਰਿਵਾਰ ਦੀ 27 ਮੰਜ਼ਿਲਾ ਹਵੇਲੀ ਐਂਟੀਲੀਆ ਨੂੰ ਵੀ ਮੈਰੀਗੋਲਡ ਫੁੱਲਾਂ ਤੇ ਚਮਕਦਾਰ ਲਾਈਟਾਂ ਨਾਲ ਸਜਾਇਆ ਗਿਆ।
ਸਜਾਵਟ ਵਿੱਚ ਵੱਖ-ਵੱਖ ਆਕ੍ਰਿਤੀਆਂ ਬਣਾਈਆਂ ਗਈਆਂ ਸਨ। ਇਨ੍ਹਾਂ ਵਿੱਚ ਫੁੱਲਾਂ ਨਾਲ ਬਣਾਏ ਜਾਨਵਰਾਂ ਦੇ ਦ੍ਰਿਸ਼ ਵੀ ਸ਼ਾਮਲ ਹਨ। ਖ਼ਾਸ ਕਰਕੇ, ਸ਼ੇਰ, ਹਾਥੀ, ਬਾਂਦਰ, ਕੁੱਤੇ ਆਦਿ। ਇਸ ਤਰ੍ਹਾਂ ਦੀ ਸਜਾਵਟ ਅੰਬਾਨੀ ਪਰਿਵਾਰ ਦੇ ਜਾਨਵਰਾਂ ਨਾਲ ਪਿਆਰ ਦੀ ਝਲਕ ਪੇਸ਼ ਕਰਦੀ ਹੈ।
100 ਤੋਂ ਵੱਧ ਪ੍ਰਾਈਵੇਟ ਜਹਾਜ਼ਾਂ ਦਾ ਇੰਤਜ਼ਾਮ
ਦੁਨੀਆ ਦੇ ਸਭ ਤੋਂ ਮਹਿੰਗੇ ਵੈਨਿਊ ’ਤੇ ਹੋਣ ਵਾਲੇ ਇਸ ਤਿੰਨ ਰੋਜ਼ਾ ਵਿਆਹ ਲਈ ਅੰਬਾਨੀ ਪਰਿਵਾਰ ਨੇ ਕਥਿਤ ਤੌਰ ’ਤੇ ਦੁਨੀਆ ਭਰ ਦੇ ਮਹਿਮਾਨਾਂ ਨੂੰ ਭਾਰਤ ਲਿਆਉਣ ਲਈ 100 ਪ੍ਰਾਈਵੇਟ ਜੈੱਟ ਤੇ 3 ਫਾਲਕਨ ਜੈੱਟ ਬੁੱਕ ਕਰਾਵਏ ਸਨ। ਮੁੰਬਈ ਦੇ ਹਰ ਪੰਜ-ਸਿਤਾਰਾ ਹੋਟਲ ਵਿੱਚ ਉਨ੍ਹਾਂ ਦੇ ਠਹਿਰਨ ਲਈ ਬੁੱਕਿੰਗ ਕਰਵਾਈ ਗਈ ਜਿਸ ਦਾ ਭੁਗਤਾਨ ਅੰਬਾਨੀ ਪਰਿਵਾਰ ਵੱਲੋਂ ਕੀਤਾ ਗਿਆ।
ਕਲੱਬ ਵਨ ਏਅਰ ਦੇ ਸੀਈਓ ਰਾਜਨ ਮਹਿਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੰਬਾਨੀ ਨੇ ਵਿਆਹ ਵਿੱਚ ਮਹਿਮਾਨਾਂ ਨੂੰ ਲਿਜਾਣ ਲਈ ਉਨ੍ਹਾਂ ਦੀ ਕੰਪਨੀ ਦੇ ਤਿੰਨ ਫਾਲਕਨ-2000 ਜੈੱਟ ਕਿਰਾਏ ’ਤੇ ਲਏ ਗਏ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਹਰ ਥਾਂ ਤੋਂ ਮਹਿਮਾਨ ਆ ਰਹੇ ਹਨ ਅਤੇ ਹਰੇਕ ਜਹਾਜ਼ ਦੇਸ਼ ਭਰ ਵਿੱਚ ਕਈ ਥਾਵਾਂ ਦੀ ਯਾਤਰਾ ਕਰੇਗਾ। ਉਨ੍ਹਾਂ ਮੁਤਾਬਕ ਇਸ ਪ੍ਰੋਗਰਾਮ ਲਈ 100 ਤੋਂ ਵੱਧ ਨਿੱਜੀ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਮੁੰਬਈ ਸ਼ਹਿਰ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ
ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਜੀਓ ਵਰਲਡ ਸੈਂਟਰ ਵਿੱਚ ਹੋਣ ਵਾਲੇ ਵਿਆਹ ਕਾਰਨ ਵੱਡੇ ਪੱਧਰ ’ਤੇ ਆਵਾਜਾਈ ਲਈ ਪਾਬੰਦੀਆਂ ਲਾਈਆਂ ਗਈਆਂ ਹਨ। 12 ਜੁਲਾਈ ਤੋਂ 15 ਜੁਲਾਈ ਤੱਕ, ਵਿਆਹ ਵਾਲੇ ਸਥਾਨ ਦੇ ਨੇੜੇ ਦੀਆਂ ਸੜਕਾਂ ਸਿਰਫ ਦੁਪਹਿਰ 1 ਵਜੇ ਤੋਂ ਅੱਧੀ ਰਾਤ ਤੱਕ ਵਿਆਹ ਨਾਲ ਸਬੰਧਿਤ ਆਉਣ-ਜਾਣ ਵਾਲੀਆਂ ਗੱਡੀਆਂ ਲਈ ਉਪਲੱਬਧ ਕੀਤੀਆਂ ਗਈਆਂ ਸਨ। ਮੁੰਬਈ ਟ੍ਰੈਫਿਕ ਪੁਲਿਸ ਨੇ 12 ਜੁਲਾਈ ਨੂੰ ਮੁੱਖ ਪ੍ਰੋਗਰਾਮ ਤੋਂ ਪਹਿਲਾਂ ਹੀ ਸੜਕ ਬੰਦ ਕਰਨ ਅਤੇ ਬਿਹਤਰ ਟ੍ਰੈਫਿਕ ਬਾਰੇ ਵਿਸਤ੍ਰਿਤ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ।
ਵਿਆਹ ’ਚ ਅੰਤਰਰਾਸ਼ਟਰੀ ਹਸਤੀਆਂ ਦੇ ਮੇਲਾ
ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਵਿੱਚ ਕਿਮ ਕਰਦਾਸ਼ੀਅਨ ਅਤੇ ਕਲੋਈ ਕਾਰਦਾਸ਼ੀਅਨ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਟੋਨੀ ਬਲੇਅਰ, ਅਤੇ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਉਸਦੇ ਗਾਇਕ ਪਤੀ ਨਿਕ ਜੋਨਸ ਸ਼ਾਮਲ ਸਨ। ਇਸ ਦੇ ਨਾਲ ਹੀ ਰੈਸਲਰ ਜੌਨ ਸਿਨਾ ਨੇ ਵੀ ਪੱਗ ਬੰਨ੍ਹ ਕੇ ਭੰਗੜੇ ਦੇ ਸਟੈਪ ਕਰਕੇ ਵਿਆਹ ਦਾ ਆਨੰਦ ਮਾਣਿਆ।
ਇਸ ਤੋਂ ਇਲਾਵਾ ਦੁਨੀਆ ਦੇ ਸਭ ਤੋਂ ਅਮੀਰ 5000 ਗੈਸਟ ਬੁਲਾਏ ਗਏ।
ਮਾਰਚ ਤੋਂ ਸ਼ੁਰੂ ਹੋਏ ਪ੍ਰੀ-ਵੈਡਿੰਗ ਦੇ ਪ੍ਰੋਗਰਾਮ
ਦਰਅਸਲ ਅੰਬਾਨੀਆਂ ਦੇ ਵਿਆਹ ਦੇ ਪ੍ਰੋਗਰਾਮ ਇਸ ਸਾਲ ਮਾਰਚ ਮਹੀਨੇ ਵਿੱਚ ਹੀ ਸ਼ੁਰੂ ਹੋ ਗਏ ਸਨ। ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਪ੍ਰੋਗਰਾਮ ਵੀ ਕਰਵਾਏ ਗਏ। ਜਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਾਮਨਗਰ ਤੋਂ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਯੂਰਪ ਵਿੱਚ ਚਾਰ ਦਿਨਾਂ ਲਈ ਲਗਜ਼ਰੀ ਕਰੂਜ਼ ਵਿੱਚ ਪ੍ਰੋਗਰਾਮ ਚੱਲਿਆ। ਜਸਟਿਨ ਬੀਬਰ, ਰਿਹਾਨਾ, ਕੈਟੀ ਪੇਰੀ ਅਤੇ ਬੈਕਸਟ੍ਰੀਟ ਬੁਆਏਜ਼ ਵਰਗੇ ਗਲੋਬਲ ਸਿਤਾਰਿਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਵਿਆਹ ਤੋਂ ਪਹਿਲਾਂ ਦੀਆਂ ਪਾਰਟੀਆਂ ਵਿੱਚ ਪਰਫਾਰਮ ਕੀਤਾ। ਹੁਣ ਆਖ਼ਰਕਾਰ, ਪਿਛਲੇ ਦੋ ਹਫ਼ਤਿਆਂ ਵਿੱਚ ਮੁੰਬਈ ਵਿੱਚ ਕਈ ਹਾਈ-ਪ੍ਰੋਫਾਈਲ ਪ੍ਰੋਗਰਾਮ ਹੋਏ।
ਮਾਰਚ ਵਿੱਚ ਜਾਮਨਗਰ ਵਾਲੇ ਪ੍ਰੀ-ਵੈਡਿੰਗ ਪ੍ਰੋਗਰਾਮ ਵਿੱਚ ਰਿਹਾਨਾ ਅਤੇ ਏਕਨ ਨੇ 1,200 ਮਹਿਮਾਨਾਂ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਰਿਹਾਨਾ ਨੂੰ ਉਸ ਦੀ 90-ਮਿੰਟ ਦੀ ਪ੍ਰਫਾਰਮੈਂਸ ਲਈ $8-$9 ਮਿਲੀਅਨ (66 ਤੋਂ 74 ਕਰੋੜ ਰੁਪਏ) ਦਿੱਤੇ ਗਏ। ‘ਦ ਸਨ’ ਦੀ ਰਿਪੋਰਟ ਮੁਤਾਬਕ ਪਹਿਲੇ ਪ੍ਰੀਵੈਡਿੰਗ ਦੇ ਪੂਰੇ ਪ੍ਰੋਗਰਾਮ ਦੀ ਲਾਗਤ £126 ਮਿਲੀਅਨ, ਯਾਨੀ ₹1,364.34 ਕਰੋੜ ਦੱਸੀ ਗਈ ਹੈ।
ਮਈ ਮਹੀਨੇ ਵਿੱਚ 4 ਦਿਨਾਂ ਦਾ ਦੂਜਾ ਪ੍ਰੀਵੈਡਿੰਗ ਪ੍ਰੋਗਰਾਮ
ਮਾਰਚ ਵਿੱਚ ਪਹਿਲੀ ਪ੍ਰੀਵੈਡਿੰਗ ਤੋਂ ਬਾਅਦ ਅਨੰਤ ਅਤੇ ਰਾਧਿਕਾ ਦੀ ਦੂਜੀ ਪ੍ਰੀ-ਵੈਡਿੰਗ ਕਰਵਾਈ ਗਈ। ਇਹ ਇੱਕ ਕਰੂਜ਼ ਪਾਰਟੀ ਸੀ ਜੋ 29 ਮਈ ਤੋਂ 1 ਜੂਨ ਤੱਕ ਚਾਰ ਦਿਨਾਂ ਦਾ ਈਵੈਂਟ ਸੀ। ਕਰੂਜ਼ ਪਾਰਟੀ ਇਟਲੀ ਵਿੱਚ ਸ਼ੁਰੂ ਹੋਈ ਅਤੇ ਫਰਾਂਸ ਦੇ ਦੱਖਣ ਵਿੱਚ ਸਮਾਪਤ ਹੋਈ। TOI ਦੀ ਇੱਕ ਰਿਪੋਰਟ ਦੇ ਅਨੁਸਾਰ, ਲਗਜ਼ਰੀ ਕਰੂਜ਼ ਦੀ ਕੀਮਤ USD 900 ਮਿਲੀਅਨ (ਲਗਭਗ 7509 ਕਰੋੜ ਰੁਪਏ) ਹੈ। ਇਸ ਵਿੱਚ ਸਪਾ, ਸਵੀਮਿੰਗ ਪੂਲ, ਜਿੰਮ, ਅਤੇ ਹੋਰ ਸਾਰੀਆਂ ਸ਼ਾਨਦਾਰ ਸਹੂਲਤਾਂ ਮੌਜੂਦ ਹਨ। ਇਸ ਅੰਦਰਲੇ ਹਰੇਕ ਸਵੀਟ ਦੀ ਕੀਮਤ ਲਗਭਗ 60 ਲੱਖ ਰੁਪਏ ਹੈ।
ਇਸ ਪ੍ਰੋਗਰਾਮ ਵਿੱਚ 800 ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਚਾਰ ਦਿਨਾਂ ਵਿੱਚ ਕੈਟੀ ਪੇਰੀ, ਬੈਕਸਟ੍ਰੀਟ ਬੁਆਏਜ਼ ਅਤੇ ਪਿਟਬੁੱਲ ਵਰਗੇ ਗਲੋਬਲ ਗਲੋਬਲ ਕਲਾਕਾਰਾਂ ਨੇ ਪ੍ਰਾਹੁਣਿਆਂ ਦਾ ਮਨੋਰੰਜਨ ਕੀਤਾ। ਕਰੂਜ਼ ਤੇ 600 ਸਟਾਫ਼ ਮੈਂਬਰ ਮੌਜੂਦ ਸਨ।
ਇਸ ਤੋਂ ਇਲਾਵਾ ਪਿਛਲੇ ਹਫ਼ਤੇ ਵਿਆਹ ਤੋਂ ਪਹਿਲਾਂ ਕਰਵਾਏ ਗਏ ਸੰਗੀਤ ਵਿੱਚ ਜਸਟਿਨ ਬੀਬਰ ਨੇ ਵੀ ਪ੍ਰਫਾਰਮ ਕੀਤਾ ਜਿਸ ਲਈ ਉਸ ਨੂੰ 10 ਮਿਲੀਅਨ ਡਾਲਰ ਕਰੀਬ 80-58 ਕਰੋੜ ਰੁਪਏ ਦੀ ਫੀਸ ਦਿੱਤੀ ਗਈ।
ਮੁੰਬਈ ਵਿੱਚ ਵਿਆਹ ਦੇ ਪ੍ਰੋਗਰਾਮ
ਵਿਆਹ ਤੋਂ ਪਹਿਲਾਂ 2 ਜੁਲਾਈ ਨੂੰ, ਅੰਬਾਨੀ ਪਰਿਵਾਰ ਨੇ 2017 ਵਿੱਚ ਪੇਸ਼ ਕੀਤੇ ਗਏ ਵਿਆਹ (ਲਾਜ਼ਮੀ ਰਜਿਸਟ੍ਰੇਸ਼ਨ ਅਤੇ ਫ਼ਿਜ਼ੂਲਖ਼ਰਚੀ ਦੀ ਰੋਕਥਾਮ) ਬਿੱਲ ਦੇ ਮੁਾਤਬਕ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ 50 ਤੋਂ ਵੱਧ ਗ਼ਰੀਬ ਜੋੜਿਆਂ ਲਈ ਇੱਕ ਸਮੂਹਿਕ ਵਿਆਹ ਦਾ ਆਯੋਜਨ ਕੀਤਾ। ਇਸ ਬਿੱਲ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਪਰਿਵਾਰ ਵਿਆਹ ’ਤੇ ਇੱਕ ਤੈਅ ਰਕਮ ਤੋਂ ਵੱਧ ਖ਼ਰਚ ਕਰਦਾ ਹੈ, ਤਾਂ ਉਸ ਨੂੰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦੀ ਸਹੂਲਤ ਲਈ ਭਲਾਈ ਫੰਡ ਵਿਚ ਰਕਮ ਦਾ ਦਸ ਪ੍ਰਤੀਸ਼ਤ ਯੋਗਦਾਨ ਦੇਣਾ ਪਵੇਗਾ।
ਵਿਆਹ ਦੇ ਸ਼ੁਰੂਆਤੀ ਪ੍ਰੋਗਰਾਮ ਪਿਛਲੇ ਸ਼ੁੱਕਰਵਾਰ ਨੂੰ ਅੰਬਾਨੀ ਪਰਿਵਾਰ ਦੇ 27-ਮੰਜ਼ਲਾ ਕੰਪਾਊਂਡ ਐਂਟੀਲੀਆ ਵਿੱਚ ਸ਼ੁਰੂ ਹੋਏ। ਸੰਗੀਤ ਤੇ ਹਲਦੀ ਦੇ ਪ੍ਰੋਗਰਾਮ ਤੋਂ ਬਾਅਦ ਵਿਆਹ ਹੋਇਆ ਤੇ ਉਸ ਤੋਂ ਬਾਅਦ 2-3 ਦਿਨ ਸ਼ੁਭ ਆਸ਼ੀਰਵਾਦ ਤੇ ਰਿਸੈਪਸ਼ਨ ਦਾ ਪ੍ਰੋਗਰਾਮ ਚੱਲਿਆ।
ਇਸ ਦੌਰਾਨ ਅੰਬਾਨੀ ਪਰਿਵਾਰ ਨੇ ਆਪਣੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ 40 ਦਿਨਾਂ ਦਾ ਭੰਡਾਰਾ ਵੀ ਲਾਇਆ। ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਘਰ ਐਂਟੀਲੀਆ ਵਿਖੇ ਰੋਜ਼ਾਨਾ 9000 ਲੋਕਾਂ ਨੂੰ ਭੋਜਨ ਪਰੋਸਿਆ ਗਿਆ।
500 ਸ਼ੈੱਫ – 37,000 ਤੋਂ ਵੱਧ ਪਕਵਾਨ
ਅੰਬਾਨੀਆਂ ਦੇ ਵਿਆਹ ਦੇ ਸਮਾਗਮਾਂ ਵਿੱਚ 500 ਸ਼ੈੱਫਾਂ ਦੀ ਫੌਜ ਲਾਈ ਗਈ ਜਿਨ੍ਹਾਂ 37,500 ਪਕਵਾਨਾਂ ਤਿਆਰ ਕੀਤੇ। ਵਿਦੇਸ਼ੀ ਮਹਿਮਾਨਾਂ ਲਈ ਵੱਡੀ ਗਿਣਤੀ ਵਿੱਚ ਸ਼ੂਗਰ ਫਰੀ ਮਠਿਆਈਆਂ ਵੀ ਪਰੋਸੀਆਂ ਗਈਆਂ।
ਮਹਿਮਾਨਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਵਿੰਟੇਜ ਸ਼ੈਂਪੇਨ ਦੇ ਗਲਾਸ ਦਿੱਤੇ ਗਏ। ਸਾਰੇ ਵਿਆਹ ਸਮਾਗਮਾਂ ਵਿੱਚ, 30,000 ਤੋਂ ਵੱਧ ਬੱਬਲੀ ਦੀਆਂ ਬੋਤਲਾਂ ਵਰਤਾਈਆਂ ਗਈਆਂ।
ਧਾਰਮਿਕ ਤੇ ਸਿਆਸੀ ਹਸਤੀਆਂ ਦਾ ਜਮਾਵੜਾ
ਅੰਬਾਨੀ ਪਰਿਵਾਰ ਦੇ ਵਿਆਹ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈ ਕੇ ਮੁੰਬਈ ਦੇ ਮੁੱਖ ਮੰਤਰੀ ਏਕ ਨਾਥ ਸ਼ਿੰਦੇ, ਚਿਰਾਗ ਪਾਸਵਾਨ, ਸਮ੍ਰਿਤੀ ਇਰਾਨੀ, ਲਾਲੂ ਪ੍ਰਸਾਦ ਯਾਦਵ, ਅਖਿਲੇਸ਼ ਯਾਦਵ, ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਮਮਤਾ ਬੈਨਰਜੀ ਤੇ ਵਿਰੋਧੀ ਧਿਰ ਦੇ ਹੋਰ ਬਹੁਤ ਸਾਰੇ ਲੀਡਰਾਂ ਨੇ ਸ਼ਿਰਕਤ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇਸ ਵਿਆਹ ਤੋਂ ਦੂਰ ਰਹੇ ਭਾਵੇਂ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ।
ਧਾਰਮਿਕ ਗੁਰੂਆਂ ਦੀ ਗੱਲ ਕਰੀਏ ਤਾਂ ਆਦਿ ਸ਼ੰਕਰਾਚਾਰੀਆ ਤੋਂ ਲੈ ਕੇ ਹਿੰਦੂ ਸਨਾਤਨ ਧਰਮ ਨਾਲ ਸਬੰਧਿਤ ਹੋਰ ਬਹੁਤ ਸਾਰੇ ਮਸ਼ਹੂਰ ਗੁਰੂਆਂ ਨੂੰ ਇਸ ਵਿਆਹ ਵਿੱਚ 12 ਜੁਲਾਈ ਨੂੰ ਮੇਨ ਪ੍ਰੋਗਰਾਮ ਤੋਂ ਬਾਅਦ ‘ਸ਼ੁਭ ਆਸ਼ੀਰਵਾਦ’ ਵਾਲੇ ਦਿਨ ਬੁਲਾਇਆ ਗਿਆ।
ਅੰਬਾਨੀ ਪਰਿਵਾਰ ਦੇ ਗਹਿਣੇ ਤੇ ਪੁਸ਼ਾਕਾਂ
ਰਾਧਿਕਾ ਨੇ ਵਿਆਹ ਵਾਲੇ ਦਿਨ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਇੱਕ ਸ਼ਾਨਦਾਰ ਸੋਨੇ ਦਾ ਲਹਿੰਗਾ ਪਾਇਆ। ਇਸ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਇੱਕ ਪ੍ਰੋਗਰਾਮ ਵਿੱਚ ਸੋਨੇ ਦੀ ਕਢਾਈ ਵਾਲੀ ਜੈਕਿਟ ਪਾਈ। ਅਨੰਦ ਦੇ ਜ਼ਿਆਦਾਤਰ ਪਹਿਰਾਵਿਆਂ ਦੇ ਬਟਨ ਹੀਰਿਆਂ ਜਾਂ ਪੰਨਾ ਰਤਨ ਦੇ ਬਣਾਏ ਗਏ। ਸਭ ਤੋਂ ਜ਼ਿਆਦਾ ਚਰਚਾ ਉਸ ਦੇ ਬਰੋਚ ਦੀ ਹੋਈ ਜੋ ਤਕਰੀਬਨ ਹਰ ਪ੍ਰੋਗਰਾਮ ਵਿੱਚ ਸ਼ੇਰਵਾਨੀ ਜਾਂ ਜੈਕਿਟ ’ਤੇ ਲਾਇਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਕੀਮਤ ਕਈ ਕਰੋੜਾਂ ਵਿੱਚ ਦੱਸੀ ਜਾਂਦੀ ਹੈ।
ਇਸ ਤੋਂ ਇਲਾਵਾ ਅਨੰਤ ਅੰਬਾਨੀ ਨੇ ਆਪਣੇ ਬਾਜ਼ੂਬੰਦ ’ਤੇ ਇੱਕ ਕਲਗੀ ਵੀ ਲਾਈ ਸੀ ਜੋ ਰਾਜਾ ਅਕਬਰ ਦੇ ਸਮੇਂ ਦੀ ਦੱਸੀ ਜਾਂਦੀ ਹੈ। ਅਨੰਤ ਤੋਂ ਪਹਿਲਾਂ ਉਸ ਦੀ ਮਾਂ ਨੀਤਾ ਅੰਬਾਨੀ ਵੀ ਇੱਕ ਵਾਰ ਇਸ ਕਲਗੀ ਦੀ ਵਰਤੋਂ ਆਪਣੀ ਕਾਲ਼ੀ ਸਾੜੀ ਨਾਲ ਬਾਜ਼ੂਬੰਦ ਵਜੋਂ ਕਰ ਚੁੱਕੀ ਹੈ।
ਅੰਬਾਨੀ ਲੇਡੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਚਰਚਾ ਅੰਬਾਨੀਆਂ ਦੀ ਧੀ ਈਸ਼ਾ ਅੰਬਾਨੀ ਦੇ ‘ਗਾਰਡਨ ਆਫ ਲਵ’ ਹਾਰ ਹੀ ਹੋਈ ਜੋ ਗੁਲਾਬੀ, ਹਰੇ, ਸੰਤਰੀ ਤੇ ਪੀਲੇ ਹੀਰਿਆਂ ਦਾ ਬਣਿਆ ਹੋਇਆ ਹੈ। ਇਸ ਦੀ ਕੀਮਤ ਕਈ ਸੌ ਕਰੋੜ ਦੱਸੀ ਜਾਂਦੀ ਹੈ।
v
View this post on Instagram
ਮੀਡੀਆ ਰਿਪੋਰਟਾਂ ਮੁਤਾਬਕ ਸਪੈਸ਼ਲਿਸਟ ਬੁਨਕਰਾਂ ਨੇ ਸੋਨੇ ਅਤੇ ਚਾਂਦੀ ਦੇ ਧਾਗੇ ਦੀ ਵਰਤੋਂ ਕਰਕੇ ਲਗਭਗ 100 ਦੁਰਲੱਭ ਰੇਸ਼ਮ ਦੀਆਂ ਸਾੜੀਆਂ ਬਣਾਈਆਂ ਜਿਨ੍ਹਾਂ ਨੂੰ ਬਣਾਉਣ ਵਿੱਚ ਕਈ ਮਹੀਨੇ ਲੱਗੇ। ਹਰੇਕ ਦੀ ਸਾੜੀ ਦੀ ਕੀਮਤ ਇੱਕ ਕਰੋੜ ਤੋਂ ਵੱਧ ਦੱਸੀ ਜਾਂਦੀ ਹੈ। ਵਿਆਹ ਦੇ ਮਹਿਮਾਨਾਂ ਦੀਆਂ ਅਲਮਾਰੀਆਂ ਵੀ ਮਹਿੰਗੀਆਂ ਸਨ, ਕਿਉਂਕਿ ਉਨ੍ਹਾਂ ਵਿੱਚੋਂ ਹਰੇਕ ਨੂੰ 18-ਪੰਨਿਆਂ ਦਾ ਡਰੈੱਸ ਕੋਡ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਪੰਜ ਪਹਿਰਾਵੇ ਬਦਲਣ ਲਈ ਕਿਹਾ ਗਿਆ ਸੀ।
View this post on Instagram
ਇਸ ਤੋਂ ਪਹਿਲਾਂ ਵਿਆਹ ਦੀ ਪਹਿਲੀ ਪ੍ਰੀਵੈਡਿੰਗ ਦੇ ਪ੍ਰੋਗਰਾਮ ਵਿੱਚ ਅਨੰਤ ਅੰਬਾਨੀ ਦੇ ਹੱਥ ਵਿੱਚ ਪਾਈ 1.5 ਮਿਲੀਅਨ ਡਾਲਰ ਦੀ ਘੜੀ ਵੇਖ ਕੇ ਮੈਟਾ ਦੇ ਮਾਲਕ ਮਾਰਕ ਜ਼ੁਕਰਬਰਗ ਵੀ ਪ੍ਰਭਾਵਿਤ ਹੋਇਆ, ਉਸ ਨੇ ਅਨੰਤ ਦਾ ਹੱਥ ਫੜ ਕੇ ਉਸ ਦੀ ਘੜੀ ਵੇਖੀ ਤੇ ਇਹ ਸੀਨ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋਇਆ।
ਅੰਬਾਨੀਆਂ ਦੇ ਮਹਿੰਗੇ ਵਿਆਹ ਦੇ ਮਾਇਨੇ – ਹੱਦੋਂ ਵੱਦ ਖ਼ਰਚ ਕਿੰਨਾ ਜਾਇਜ਼?
ਸਵਾਲ ਇਹ ਹੈ ਕਿ ਅੰਬਾਨੀ ਆਖ਼ਰ ਐਨਾ ਆਲੀਸ਼ਾਨ ਵਿਆਹ ਕਰਕੇ ਦੁਨੀਆ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ ਜਾਂ ਆਪਣੇ ਸੱਚੀਂ ਆਪਣੇ ਬੱਚਿਆਂ ਦੇ ਪਿਆਰ ਵਿੱਚ ਉਨ੍ਹਾਂਨੂੰ ਖ਼ੁਸ਼ ਕਰਨ ਲਈ ਕਰ ਰਹੇ ਹਨ। ਮੁਕੇਸ਼ ਅੰਬਾਨੀ ਦੇ ਪਹਿਲੇ ਮੁੰਡੇ ਆਕਾਸ਼ ਅੰਬਾਨੀ ਦੇ ਵਿਆਹ ’ਤੇ ਪਰਿਵਾਰ ਨੇ ਕਥਿਤ ਤੌਰ ’ਤੇ ਲਗਭਗ 1000 ਕਰੋੜ ਦਾ ਖ਼ਰਚ ਕੀਤਾ ਤੇ ਆਪਣੀ ਕੁੜੀ ਈਸ਼ਾ ਅੰਬਾਨੀ ਦੇ ਵਿਆਹ ’ਤੇ 867 ਕਰੋੜ ਖ਼ਰਚ ਕੀਤੇ। ਪਰ ਛੋਟੇ ਪੁੱਤਰ ਦੇ ਵਿਆਹ ’ਤੇ ਕਈ ਗੁਣਾ ਜ਼ਿਆਦਾ ਖ਼ਰਚ ਕਰਨਾ ਕੀ ਸਾਬਿਤ ਕਰਦਾ ਹੈ?
ਇੱਕ ਪਾਸੇ ਜਿੱਥੇ ਪੂਰੀ ਦੁਨੀਆ ਦੀ ਮੀਡੀਆ ਇਸ ਵਿਆਹ ਦੀ ਗੱਲ ਕਰ ਰਿਹਾ ਹੈ ਉੱਥੇ ਅੰਬਾਨੀਆਂ ਦੇ ਆਪਣੇ ਹੀ ਮੁਲਕ ਭਾਰਤ ਦੇ ਲੋਕ ਉਨ੍ਹਾਂ ਨੂੰ ਲਾਹਨਤਾਂ ਵੀ ਪਾ ਰਹੇ ਹਨ। ਸਭ ਤੋਂ ਪਹਿਲਾ ਕਾਰਨ ਹੈ ਅੰਬਾਨੀਆਂ ਦੀ ਕੰਪੀਨ ਰਿਲਾਇੰਸ ਜੀਓ ਵੱਲੋਂ ਮੋਬਾਈਲ ਰੀਚਾਰਜ ਦੇ ਟੈਰਿਫ ਵਿੱਚ ਵਾਧਾ ਕਰਨਾ। ਇਸ ਕਰਕੇ ਸੋਸ਼ਲ ਮੀਡੀਆ ’ਤੇ ਅੰਬਾਨੀ ਪਰਿਵਾਰ ਤੇ ਉਨ੍ਹਾਂ ਦੇ ਵਿਆਹ ਸਮਾਗਮਾਂ ਦੀ ਖੂਬ ਟਰੋਲਿੰਗ ਵੀ ਕੀਤੀ ਗਈ।
ਇਸ ਸਬੰਧੀ ਬੀਬੀਸੀ ਹਿੰਦੀ ਦੇ ਮੁਹੰਮਦ ਹਨੀਫ ਲਿਖਦੇ ਹਨ ਕਿ- “ਹੁਣ ਪੰਜ-ਛੇ ਮਹੀਨਿਆਂ ਤੋਂ ਚੱਲ ਰਹੇ ਵਿਆਹ ਸਮਾਗਮਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੰਬਾਨੀ ਇੱਕ ਹੱਥ ਨਾਲ ਸਾਡੀਆਂ ਜੇਬਾਂ ਵਿੱਚੋਂ ਪੈਸੇ ਕੱਢ ਰਹੇ ਹਨ ਅਤੇ ਦੂਜੇ ਹੱਥ ਉਸੇ ਪੈਸੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਵਾ ਰਹੇ ਹਨ। ਪਤਾ ਨਹੀਂ ਇੰਨਾ ਲੰਬਾ ਜਸ਼ਨ ਭਾਰਤ ਦੀ ਸਾਫਟ ਪਾਵਰ ਦਿਖਾਉਣ ਲਈ ਚੱਲ ਰਿਹਾ ਹੈ ਜਾਂ ਸਿਰਫ ਆਪਣੇ ਪੁੱਤਰ ਦਾ ਦਿਲ ਖੁਸ਼ ਕਰਨ ਲਈ। ਜਾਂ ਜਿਵੇਂ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਕਿਹਾ ਜਾ ਰਿਹਾ ਹੈ ‘ਅਰੇ ਗਰੀਬ ਲੋਕੋ, ਦੇਖੋ ਅਤੇ ਸੜੋ।’ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਭਾਰਤ ਦੀ ਹਕੂਮਤ ਦਾ ਵੀ ਸ਼ਾਇਦ ਅੰਬਾਨੀਆਂ ਜਿੰਨਾ ਦਬਦਬਾ ਨਹੀਂ ਹੈ। ਇਸ ਲਈ ਕੋਈ ਇਹ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਕਿ ਇਹ ਵਿਆਹ ਨਹੀਂ ਹੋ ਸਕਦਾ ਜਾਂ ਇਸ ਵਿਆਹ ਨੂੰ ਹੁਣ ਖ਼ਤਮ ਵੀ ਕਰ ਦਿਓ।”
ਗ਼ਰੀਬ ਤਬਕੇ ਵਿੱਚ ਗ਼ਰੀਬੀ ਦਾ ਅਹਿਸਾਸ
ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਅਮੀਰ ਇੱਕ ਪ੍ਰਤੀਸ਼ਤ ਦੇਸ਼ ਦੀ ਕੁੱਲ ਦੌਲਤ ਦਾ 40 ਪ੍ਰਤੀਸ਼ਤ ਤੋਂ ਵੱਧ ਦਾ ਮਾਲਕ ਹੈ। ਮੁੰਬਈ, ਜਿੱਥੇ ਇਹ ਪੂਰਾ ਪ੍ਰਗਰਾਮ ਚੱਲ ਰਿਹਾ ਸੀ, ਉੱਥੇ ਏਸ਼ੀਆ ਦਾ ਸਭ ਤੋਂ ਵੱਡਾ ਸਲੱਮ ਏਰੀਆ ਧਾਰਾਵੀ ਹੈ। ਅਜਿਹੇ ਦੇਸ਼ ਤੇ ਅਜਿਹੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਆਲੀਸ਼ਾਨ ਪ੍ਰੋਗਰਾਮ ਕਿਤੇ ਨਾ ਕਿਤੇ ਗ਼ਰੀਬ ਤਬਕੇ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਉਹ ਕਿੰਨੇ ਜ਼ਿਆਦਾ ਗ਼ਰੀਬ ਹਨ।
ਅੰਬਾਨੀਆਂ ਦੀਆਂ ਔਰਤਾਂ ਦੇ ਗਹਿਣੇ ਵੇਖ ਕੇ ਇੰਟਰਨੈਟ ’ਤੇ ਮੀਮਜ਼ ਚੱਲ ਰਹੇ ਸਨ ਕਿ ਕਿਸੇ ਅੰਬਾਨੀ ਲੇਡੀ ਦਾ ਇੱਕ ਗਹਿਣਾ ਭਾਰਤ ਦੇ ਕਿਸੇ ਗ਼ਰੀਬ ਦੀ ਪੂਰੀ ਜ਼ਿੰਦਗੀ ਸੈੱਟ ਕਰ ਸਕਦਾ ਹੈ।
ਪਹਿਲੇ ਜ਼ਮਾਨੇ ਵਿੱਚ ਲੋਕ ਦੌਲਤ ਦਾ ਪ੍ਰਦਰਸ਼ਨ ਨਹੀਂ ਕਰਦੇ ਸਨ, ਬਲਕਿ ਚੁੱਪ-ਚਪੀਤੇ ਕੰਮ ਕਰਦੇ ਸਨ, ਪਰ ਅੱਜਕਲ੍ਹ ਲੋਕ ਦੌਲਤ ਦੀ ਨੁਮਾਇਸ਼ ਕਰਨ ਲੱਗੇ ਹਨ।
ਮਹਿੰਗੇ ਗਹਿਣਿਆਂ ਤੇ ਲਹਿੰਗਿਆਂ ਦਾ ਪ੍ਰਚਲਣ
ਇਸ ਵਿਆਹ ਨੇ ਹੁਣ ਦੇਸ਼ ਦੇ ਅਮੀਰ ਤਬਕੇ ਵਿੱਚ ਵਿਆਹ ਵਾਸਤੇ ਇੱਕ ਤਰ੍ਹਾਂ ਦਾ ‘ਬੈਂਚਮਾਰਕ’ ਸੈੱਟ ਕਰ ਦਿੱਤਾ ਹੈ। ਯਾਨੀ ਜੋ ਸ਼ਾਹੂਕਾਰ ਲੋਕ ਪਹਿਲਾਂ ਲੱਖਾਂ ਜਾਂ ਕਰੋੜਾਂ ਵਿੱਚ ਵਿਆਹ ’ਤੇ ਖ਼ਰਚਾ ਕਰਦੇ ਸਨ, ਹੋ ਸਕਦਾ ਹੈ ਉਹ ਵੀ ਹੁਣ ਸੈਂਕੜੇ ਕਰੋੜਾਂ ਜਾਂ ਹਜ਼ਾਰ ਕਰੋੜਾਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਕਰਵਾਉਣ। ਇੱਕ ਵਿਖਾਵੇ ਦੀ ਦੁਨੀਆ ਨੂੰ ਵਧਾਵਾ ਮਿਲਣ ਦੀ ਖ਼ਦਸ਼ਾ ਇੱਥੇ ਵੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਲਾੜੀਆਂ ਦੇ ਮਨਾਂ ਵਿੱਚ ਵੀ ਕਿਤੇ ਨਾ ਕਿਤੇ ਹੁਣ ਮਹਿੰਗੇ ਗਹਿਣਿਆਂ ਤੇ ਮਹਿੰਗੇ ਲਹਿੰਗਿਆਂ ਦਾ ਸ਼ੌਕ ਜਨਮ ਲੈ ਰਿਹਾ ਹੈ। ਪਹਿਲਾਂ ਜਿੱਥੇ ਵਿਆਹ ਵਿੱਚ ਸਾਦੇ ਕੱਪੜੇ ਪਾ ਕੇ ਲਾਵਾਂ ਲਈਆਂ ਜਾਂਦੀਆਂ ਸਨ, ਉੱਥੇ ਹੁਣ ਵਿਆਹ ਵਿੱਚ ਡਿਜ਼ਾਈਨਰ ਲਹਿੰਗੇ ਪਾਏ ਜਾਂਦੇ ਹਨ, ਇੱਥੋਂ ਤੱਕ ਕੇ ਸਾਡੇ ਸਿੱਖ ਸਮਾਜ ਵਿੱਚ ਵੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਵੀ ਹੋ ਗਿਆ ਹੈ ਕਿ ਲਾੜੀਆਂ ਸਾਦੇ ਸੂਟ ਵਿੱਚ ਵੀ ਲਾਵਾਂ ਲੈਣ, ਤਾਂ ਇਸ ਤੋਂ ਬਾਅਦ ਹੁਣ ਮਾਰਕਿਟ ਵਿੱਚ ਬਹੁਤ ਭਾਰੇ ਕਢਾਈਆਂ ਵਾਲੇ ਲਹਿੰਗਾ ਸਟਾਈਲ ਅਨਾਰਕਲੀ ਸੂਟ ਆ ਗਏ ਨੇ ਜਿਸ ਨੂੰ ਪੰਜਾਬੀ ਲਾੜੀਆਂ ਹੁਣ ਤਰਜੀਹ ਦੇਣ ਲੱਗੀਆਂ ਹਨ। ਸਾਦੇ ਸਲਵਾਰ ਸੂਟ ਵਾਲੇ ਪੰਜਾਬੀ ਪਹਿਰਾਵੇ ਨੂੰ ਕਿਤੇ ਨਾ ਕਿਤੇ ਦਰਕਿਨਾਰ ਕਰ ਦਿੱਤਾ ਗਿਆ ਹੈ।