India

ਬਿਹਾਰ ਦੇ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਹਫੜਾ-ਦਫੜੀ, 2 ਔਰਤਾਂ ਸਮੇਤ ਇੱਕ ਬੱਚੇ ਨੂੰ ਲੈ ਕੇ ਆਈ ਮਾੜੀ ਖ਼ਬਰ

Stampede in Durga Puja Mela, 3 dead, 12 injured

ਬਿਹਾਰ ਦੇ ਗੋਪਾਲਗੰਜ ‘ਚ ਦੁਰਗਾ ਪੂਜਾ ਮੇਲੇ ਦੌਰਾਨ ਮਚੀ ਭਗਦੜ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਨਗਰ ਥਾਣਾ ਖੇਤਰ ਦੇ ਸਟੇਸ਼ਨ ਰੋਡ ‘ਤੇ ਸਥਿਤ ਰਾਜਾ ਦਲ ਪੂਜਾ ਕਮੇਟੀ ਕੋਲ ਵਾਪਰੀ। ਸੱਤ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਤੋਂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਥਾਣਾ ਖੇਤਰ ਦੇ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਰਾਜਾ ਦਲ ਪੂਜਾ ਪੰਡਾਲ ਨੇੜੇ ਵਾਪਰਿਆ, ਜਿੱਥੇ ਜ਼ਿਆਦਾ ਭੀੜ ਕਾਰਨ ਅਚਾਨਕ ਭਗਦੜ ਮਚ ਗਈ। ਭਗਦੜ ਵਿੱਚ 2 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਦਰ ਹਸਪਤਾਲ ਲਿਆਂਦਾ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਕੂਚਾਕੋਟ ਥਾਣਾ ਖੇਤਰ ਦੀ ਉਰਮਿਲਾ ਦੇਵੀ, ਨਗਰ ਥਾਣਾ ਖੇਤਰ ਦੇ ਪਿੰਡ ਬਸਡੀਲਾ ਵਾਸੀ ਸ਼ਾਂਤੀ ਦੇਵੀ ਅਤੇ 12 ਸਾਲਾ ਆਯੂਸ਼ ਕੁਮਾਰ ਵਜੋਂ ਹੋਈ ਹੈ। ਇਸ ਦੌਰਾਨ ਹਾਦਸੇ ਤੋਂ ਬਾਅਦ ਪਹੁੰਚੇ ਡੀਐਮ ਡਾਕਟਰ ਨਵਲ ਕਿਸ਼ੋਰ ਚੌਧਰੀ ਅਤੇ ਐਸਪੀ ਸਵਰਨ ਪ੍ਰਭਾਤ ਨੇ ਜਾਂਚ ਕੀਤੀ।

ਡੀਐਮ ਡਾਕਟਰ ਨਵਲ ਕਿਸ਼ੋਰ ਚੌਧਰੀ ਨੇ ਦੱਸਿਆ ਕਿ ਰਾਜਾ ਦਲ ਪੂਜਾ ਪੰਡਾਲ ਨੇੜੇ ਭੀੜ ਵਿੱਚ ਇੱਕ ਬੱਚਾ ਡਿੱਗ ਗਿਆ, ਜਿਸ ਨੂੰ ਬਚਾਉਂਦੇ ਹੋਏ ਭਗਦੜ ਮਚ ਗਈ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੋ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਹਫੜਾ-ਦਫੜੀ ਮੱਚ ਗਈ। ਹਸਪਤਾਲ ‘ਚ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਗੋਪਾਲਗੰਜ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੇਲਾ ਬੰਦ ਕਰ ਦਿੱਤਾ ਗਿਆ ਹੈ। ਪੂਜਾ ਕਮੇਟੀਆਂ ਦੀ ਬੇਨਤੀ ‘ਤੇ ਵਿਜੇਦਸ਼ਮੀ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਫਿਲਹਾਲ ਸਥਿਤੀ ਆਮ ਦੱਸੀ ਗਈ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।