Punjab

ਰਾਜਿੰਦਰਾ ਹਸਪਤਾਲ ਆਇਆ ਨਰਸਾਂ ਦਾ ਸਟਾਫ ਗਿਆ ਵਾਪਸ, ਜਾਣੋ ਕਾਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ‘ਤੇ ਏਮਜ਼ ਬਠਿੰਡਾ ਵੱਲੋਂ ਭੇਜੇ ਗਏ ਨਰਸਾਂ ਦੇ ਸਟਾਫ ਨੂੰ ਵਾਪਸ ਭੇਜਣ ਦੇ ਦੋਸ਼ ਲੱਗ ਰਹੇ ਹਨ। ਦਰਅਸਲ, ਕਰੋਨਾ ਮਹਾਂਮਾਰੀ ਦੌਰਾਨ ਹਸਪਤਾਲ ਵਿੱਚ ਸਟਾਫ਼ ਦੀ ਘਾਟ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਦੇ ਕਹਿਣ ’ਤੇ ਏਮਜ਼ ਬਠਿੰਡਾ ਨੇ ਤਿੰਨ ਦਿਨ ਪਹਿਲਾਂ ਮੇਲ ਨਰਸਿੰਗ ਸਟਾਫ਼ ਦੇ 50 ਮੈਂਬਰ ਭੇਜੇ ਸਨ।

ਇਸ ਸਟਾਫ ਨੂੰ ਫਿਜ਼ੀਕਲ ਕਾਲਜ ਵਿਚਲੇ ਹੋਸਟਲ ਵਿੱਚ ਠਹਿਰਾਇਆ ਗਿਆ ਸੀ। ਸਟਾਫ਼ ਵੱਲੋਂ ਹਸਪਤਾਲ ‘ਤੇ ਖਾਣੇ ਦੀ ਗੁਣਵੱਤਾ ਚੰਗੀ ਨਾ ਹੋਣ ਸਮੇਤ ਖਾਣਾ ਸਮੇਂ ਸਿਰ ਨਾ ਮਿਲਣ ਦੇ ਦੋਸ਼ ਲਾਏ ਗਏ। ਸਟਾਫ਼ ਨੇ ਕਮਰਿਆਂ ’ਚ ਕੂਲਰ ਅਤੇ ਗੁਸਲਖ਼ਾਨਿਆਂ ਦੀ ਸਫ਼ਾਈ ਨਾ ਹੋਣ ਸਮੇਤ ਹੋਰ ਘਾਟਾਂ ਸਬੰਧੀ ਮੁੱਦਾ ਚੁੱਕਿਆ। ਸਟਾਫ਼ ਦੇ ਨੁਮਾਇੰਦਿਆਂ ਵਿਵੇਕ ਅਤੇ ਮੁਕੇਸ਼ ਸੈਣੀ ਸਮੇਤ ਕਈ ਹੋਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਘਾਟਾਂ ਬਾਰੇ ਜਦੋਂ ਉਨ੍ਹਾਂ ਇੱਕ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਤਾਂ ਅੱਗੋਂ ਉਸਦਾ ਗੱਲ ਕਰਨ ਦਾ ਰਵੱਈਆ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਭੁੱਖ ਹੜਤਾਲ ਕੀਤੀ। ਏਮਜ਼ ਬਠਿੰਡਾ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਉਨ੍ਹਾਂ ਇਹ ਸਟਾਫ਼ ਵਾਪਸ ਭੇਜਣ ਲਈ ਨਹੀਂ ਸੀ ਕਿਹਾ ਬਲਕਿ ਰਾਜਿੰਦਰਾ ਹਸਪਤਾਲ ਵੱਲੋਂ ਖ਼ੁਦ ਹੀ ਵਾਪਸ ਭੇਜ ਦਿੱਤਾ ਗਿਆ ਹੈ।

ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਸਟਾਫ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸਲ ’ਚ ਇਹ ਸਟਾਫ਼ ਉੱਚ ਪੱਧਰ ਦੀਆਂ ਕੁੱਝ ਅਜਿਹੀਆਂ  ਸੁਵਿਧਾਵਾਂ ਭਾਲ ਰਿਹਾ ਸੀ, ਜੋ ਨਾ-ਵਾਜਿਬ ਸਨ, ਜਿਵੇਂ ਕਿ ਹੋਸਟਲ ਤੋਂ ਹਸਪਤਾਲ ਤੱਕ ਜਾਣ ਲਈ ਏਸੀ ਬੱਸ ਆਦਿ।  ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਸਮੇਤ ਹੋਰ ਸੂਬਿਆਂ ਤੋਂ ਵੀ ਮਰੀਜ਼ ਆ ਰਹੇ ਹਨ।