‘ਦ ਖ਼ਾਲਸ ਬਿਊਰੋ : ਭਾਰਤ ਦੇ ਗੁਆਂਢੀ ਮੁਲਕ ਸ਼੍ਰੀਲੰਕਾ ਵਿੱਚ ਸਰਕਾਰ ਅਗਲੇ ਮਹੀਨੇ ਤੋਂ ਨਵੀਂ ਸਕੀਮ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ। ਬਾਲਣ ਰਾਸ਼ਨ ਯੋਜਨਾ ਦੇ ਨਾਂ ਦੀ ਇਸ ਸਕੀਮ ਦੇ ਤਹਿਤ ਪੈਟਰੋਲ ਪੰਪਾਂ ‘ਤੇ ਰਜਿਸਟਰਡ ਖਪਤਕਾਰਾਂ ਨੂੰ ਹਫਤਾਵਾਰੀ ਕੋਟੇ ਦੇ ਹਿਸਾਬ ਨਾਲ ਤੇਲ ਦਿੱਤਾ ਜਾਵੇਗਾ। ਸ਼੍ਰੀਲੰਕਾ ਦੇ ਇਕ ਸੀਨੀਅਰ ਮੰਤਰੀ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ । ਫਰਵਰੀ ਮਹੀਨੇ ਦੇ ਅੱਧ ਤੋਂ ਹੀ ਥਰਮਲ ਪਾਵਰ ਉਤਪਾਦਨ ਲਈ ਡੀਜ਼ਲ ਦੀ ਸਪਲਾਈ ‘ਤੇ ਦਬਾਅ ਕਾਰਨ ਸ਼੍ਰੀਲੰਕਾ ਨੂੰ ਤੇਲ ਦੀ ਘਾਟ ਦੀ ਸਮੱਸਿਆ ਆਈ ਹੋਈ ਹੈ। ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਅਪ੍ਰੈਲ ਦੇ ਸ਼ੁਰੂ ਤੱਕ, ਸ਼੍ਰੀਲੰਕਾ ਵਿੱਚ ਬਿਜਲੀ ਉਤਪਾਦਨ ਲਈ ਡੀਜ਼ਲ ਅਤੇ ਫਰਨੇਸ ਆਇਲ ਦੀ ਕਮੀ ਕਾਰਨ ਰੋਜ਼ਾਨਾ 10 ਘੰਟੇ ਬਿਜਲੀ ਕੱਟ ਦਾ ਲੱਗ ਰਿਹਾ ਸੀ।ਇਸ ਆਰਥਿਕ ਸੰਕਟ ਦੇ ਕਾਰਨ, ਭੋਜਨ, ਦਵਾਈ, ਰਸੋਈ ਗੈਸ, ਬਾਲਣ, ਟਾਇਲਟ ਪੇਪਰ ਅਤੇ ਇੱਥੋਂ ਤੱਕ ਕਿ ਮਾਚਿਸ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਵੀ ਸ਼੍ਰੀਲੰਕਾ ਵਿੱਚ ਭਾਰੀ ਕਮੀ ਹੋ ਗਈ ਹੈ।
ਸ਼੍ਰੀਲੰਕਾ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਤੇਲ ਖਰੀਦਣ ਲਈ ਪੈਟਰੋਲ ਪੰਪਾਂ ਦੇ ਬਾਹਰ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ। ਈਂਧਨ ਦੀ ਕਮੀ ਕਾਰਨ ਦੇਸ਼ ਅਪ੍ਰੈਲ ਦੀ ਸ਼ੁਰੂਆਤ ਤੋਂ 10 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ‘ਚ ਸਥਿਤੀ ‘ਤੇ ਕਾਬੂ ਪਾਉਣ ਲਈ ਸਰਕਾਰ ਈਂਧਨ ਦੀ ‘ਰਾਸ਼ਨਿੰਗ’ ਪ੍ਰਣਾਲੀ ਲਾਗੂ ਕਰ ਸਕਦੀ ਹੈ।