‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀਲੰਕਾ ਨੂੰ ਅੱਜ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਸ਼੍ਰੀਲੰਕਾ ਦੇ ਸੰਸਦ ਮੈਂਬਰਾਂ ਨੇ ਰਨਿਲ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਚੁਣ ਲਿਆ ਹੈ। ਰਨਿਲ ਵਿਕਰਮਸਿੰਘੇ ਨੂੰ 134 ਵੋਟ ਮਿਲੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਦਲਸ ਅਲਾਪੇਰੂਮਾ ਨੂੰ 82 ਵੋਟਾਂ ਮਿਲੀਆਂ।

ਗੋਟਾਬਾਇਆ ਰਾਜਪਕਸ਼ੇ ਦੇ ਸ਼੍ਰੀਲੰਕਾ ਤੋਂ ਭੱਜਣ ਅਤੇ ਅਸਤੀਫ਼ਾ ਦੇਣ ਤੋਂ ਬਾਅਦ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਸੀ। ਰਨਿਲ ਵਿਕਰਮਸਿੰਘੇ ਦਾ ਕਾਰਜਕਾਲ ਨਵੰਬਰ 2024 ਵਿੱਚ ਖ਼ਤਮ ਹੋ ਜਾਵੇਗਾ। ਉਹ ਗੋਟਬਾਇਆ ਰਾਜਪਕਸ਼ੇ ਦਾ ਬਚਿਆ ਹੋਇਆ ਕਾਰਜਕਾਲ ਨੂੰ ਪੂਰਾ ਕਰਨਗੇ।

13 ਜੁਲਾਈ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਤੋਂ ਬਾਅਦ ਸਿੰਗਾਪੁਰ ਚਲੇ ਗਏ ਸਨ। ਇਸ ਤੋਂ ਬਾਅਦ ਰਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ। ਇਸ ਤੋਂ ਪਹਿਲਾਂ ਗੋਟਬਾਇਆ ਦੇ ਭਰਾ ਮਹਿੰਦਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਛੱਡ ਦਿੱਤੀ ਸੀ ਅਤੇ ਉਹ ਉਦੋਂ ਤੋਂ ਗਾਇਬ ਹਨ, ਉਨ੍ਹਾਂ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ।

ਰਾਸ਼ਟਰਪਤੀ ਭਵਨ ਉੱਤੇ ਪਿਛਲੇ ਹਫ਼ਤੇ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਆਮ ਲੋਕਾਂ ਨੇ ਹਮਲਾ ਬੋਲ ਦਿੱਤਾ ਸੀ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਹਾਲਾਂਕਿ, ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਵੀ ਸ਼੍ਰੀਲੰਕਾ ਵਿੱਚ ਲੋਕ-ਪ੍ਰਿਅ ਨਹੀਂ ਹਨ ਅਤੇ ਉਨ੍ਹਾਂ ਦੇ ਨਿੱਜੀ ਘਰ ਵਿੱਚ ਵੀ ਪ੍ਰਦਰਸ਼ਨਕਾਰੀ ਭੀੜ ਨੇ ਅੱਗ ਲਗਾ ਦਿੱਤੀ ਸੀ।