ਇਸ ਮਹੀਨੇ ਦੇ ਅਖ਼ੀਰ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਆਗਾਜ਼ ਹੋ ਰਿਹਾ ਹੈ। ਭਾਰਤੀ ਫੌਜ ਦੇ ਜਵਾਨ ਤੇ ਯਾਤਰਾ ਦਾ ਪ੍ਰਬੰਧ ਵੇਖਣ ਵਾਲੇ ਗੁਰਦੁਆਰਾ ਟਰੱਸਟ ਦੇ ਸੇਵਾਦਾਰ ਭਾਰੀ ਬਰਫ਼ਬਾਰੀ ਵਿੱਚੋਂ ਲੰਘ ਕੇ ਸ੍ਰੀ ਹੇਮਕੁੰਟ ਦੀ ਪਵਿੱਤਰ ਧਰਤੀ ’ਤੇ ਪਹੁੰਚ ਗਏ ਹਨ।
ਸੰਗਤ ਨੇ ਅਰਦਾਸ ਕਰ ਕੇ ਗੁਰਦੁਆਰਾ ਸਾਹਿਬ ਦੇ ਵਿਹੜੇ ਦਾ ਮੁੱਖ ਦਰਵਾਜ਼ਾ ਖੋਲ੍ਹਿਆ। ਯਾਤਰਾ ਦਾ ਰਸਤਾ ਬਣਾਉਣ ਵਾਲੀ ਟੀਮ ਵਿੱਚ ਭਾਰਤੀ ਫੌਜ ਦੇ 35 ਜਵਾਨ ਅਤੇ ਟਰੱਸਟ ਦੇ 15 ਸੇਵਾਦਾਰ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਗੁਰਦੁਆਰਾ ਕੰਪਲੈਕਸ ਸਥਿਤ ਦਰਬਾਰ ਸਾਹਿਬ ਦੇ ਕਪਾਟ 25 ਮਈ ਨੂੰ ਮਰਿਆਦਾ ਨਾਲ ਖੋਲ੍ਹੇ ਜਾਣਗੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।
ਸੇਵਾ ਨੂੰ ਸਮਰਪਿਤ ਇਸ ਟੀਮ ਦੀ ਅਗਲੀ ਰਣਨੀਤੀ ਤਹਿਤ ਅੱਧੇ ਲੋਕ ਪੌੜੀਆਂ ਤੋਂ ਬਰਫ਼ ਕੱਟਣਗੇ ਅਤੇ ਬਾਕੀ ਖੱਚਰਾਂ ਦੀ ਆਵਾਜਾਈ ਲਈ ਰਸਤੇ ਤੋਂ ਬਰਫ਼ ਸਾਫ਼ ਕਰਨਗੇ।
ਫੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਹੈ ਕਿ 20 ਮਈ ਤੱਕ ਬਰਫ਼ ਹਟਾਉਣ ਦਾ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।