The Khalas Tv Blog India ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 2 ਮੈਂਬਰਾਂ ‘ਤੇ ਕਰੇਗਾ ਕਾਰਵਾਈ, ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਵੀ 11 ਲੱਖ ਦੇਣ ਦਾ ਲਿਆ ਫੈਸਲਾ
India

ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 2 ਮੈਂਬਰਾਂ ‘ਤੇ ਕਰੇਗਾ ਕਾਰਵਾਈ, ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਵੀ 11 ਲੱਖ ਦੇਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ:- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੀ ਹੋਈ ਮੀਟਿੰਗ ਦੌਰਾਨ ਦੋ ਮੈਂਬਰਾਂ ਦੀ ਮੈਂਬਰਸ਼ਿਪ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ, ਜਿਸ ਦੀ ਸਿਫਾਰਸ਼ ਪ੍ਰਬੰਧਕੀ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਕੀਤੀ ਹੈ।

ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਇਹ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਦੀ ਅਗਵਾਈ ‘ਚ ਹੋਈ।  ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੋਰਡ ਦੇ ਦੋ ਮੈਂਬਰ ਮਨਪ੍ਰੀਤ ਸਿੰਘ ਅਤੇ ਜਗਬੀਰ ਸਿੰਘ ਵੱਲੋਂ ਅਦਾਲਤ ’ਚ ਗੁਰਦੁਆਰਾ ਬੋਰਡ ਦੀ ਮਲਕੀਅਤ ਵਾਲੀ ਥਾਂ ਬਾਰੇ ਹਲਫ਼ਨਾਮਾ ਦਿੱਤਾ ਗਿਆ ਸੀ ਕਿ ਇਹ ਜ਼ਮੀਨ ਬੋਰਡ ਦੀ ਨਹੀਂ ਹੈ, ਜਿਸ ਦੀ ਮੀਟਿੰਗ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਦਾ ਫ਼ੈਸਲਾ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ ਮੀਟਿੰਗ ਦੌਰਾਨ ਗਲਵਾਨ ਘਾਟੀ ਵਿਚ ਚੀਨੀਆਂ ਨਾਲ ਹੋਈ ਝੜਪ ਦੌਰਾਨ ਸ਼ਹੀਦ ਹੋਏ ਗੁਰਤੇਜ ਸਿੰਘ ਦੀ ਆਤਮਿਕ ਸ਼ਾਂਤੀ ਲਈ ਮੌਨ ਰੱਖ ਕੇ ਅਰਦਾਸ ਵੀ ਕੀਤੀ ਗਈ। ਮੀਟਿੰਗ ਦੌਰਾਨ ਬੋਰਡ ਵੱਲੋਂ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨੂੰ 11 ਲੱਖ ਰੁਪਏ ਦੇਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

 

ਬੋਰਡ ਦੇ ਦੋ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਨੂੰ ਲੈ ਕੇ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਕਿਹਾ ਕਿ ਕਾਨੂੰਨ ਅਨੁਸਾਰ ਹੀ ਮੈਂਬਰਸ਼ਿਪ ਰੱਦ ਕਰਨ ਲਈ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਅਤੇ ਕੁਝ ਸਾਬਕਾ ਮੈਂਬਰਾਂ ਖ਼ਿਲਾਫ਼ ਲਿਖਤੀ ਮਤਾ ਵੀ ਪਾਇਆ ਗਿਆ ਹੈ।

 

ਸਕੱਤਰ ਨੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਬੋਰਡ ਦੀਆਂ ਐੱਫਡੀਜ਼ ਵਿਚੋਂ 70 ਕਰੋੜ ਰੁਪਏ ਕਢਵਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ 2019-20 ’ਚ 173 ਕਰੋੜ ਰੁਪਏ ਖ਼ਾਤੇ ਵਿੱਚ ਜਮ੍ਹਾਂ ਹਨ, ਜਦਕਿ 240 ਕਰੋੜ ਰੁਪਏ ਦੀ ਕੋਈ ਰਕਮ ਜਮ੍ਹਾਂ ਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਬੋਰਡ ਨੂੰ ਬਦਨਾਮ ਕਰਨ ਦੇ ਮਾਮਲੇ ਨੂੰ ਲੈ ਕੇ ਬੋਰਡ ਦੇ ਨਿਯਮ 1975 ਵਿੱਚ ਸੋਧ ਕਰਨ ਵਾਸਤੇ ਕਮੇਟੀ ਬਣਾਈ ਗਈ ਹੈ, ਜਿਸ ਦੇ ਕੋਆਰਡੀਨੇਟਰ ਪਰਮਜੋਤ ਸਿੰਘ ਚਾਹਲ ਨੂੰ ਬਣਾਇਆ ਗਿਆ ਹੈ।

ਇਸ ਮੌਕੇ ਖਾਸ ਤੌਰ ‘ਤੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

Exit mobile version