The Khalas Tv Blog Religion ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਜੋਤ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੇ ਸਿੱਖ ਬੀਬੀ ਬੇਬੇ ਨਾਨਕੀ ਜੀ
Religion

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਜੋਤ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੇ ਸਿੱਖ ਬੀਬੀ ਬੇਬੇ ਨਾਨਕੀ ਜੀ

ਬੇਬੇ ਨਾਨਕੀ ਜੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਤਿਆਰ ਕੀਤਾ ਗਿਆ ਚੋਲਾ ਸਾਹਿਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਬੇਬੇ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਸਲਾਹਕਾਰ,ਪਾਲਣ-ਪੋਸਣ ਕਰਨ ਵਾਲੇ ਮਾਤਾ ਸਮਾਨ,ਆਪਣੇ ਵੀਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿਲ ਦੀਆਂ ਜਾਨਣ ਵਾਲੇ ਸਨ। ਬੇਬੇ ਨਾਨਕੀ ਜੀ ਪਹਿਲੇ ਸਿੱਖ ਬੀਬੀ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਜੋਤ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ ਸੀ।

ਬੇਬੇ ਨਾਨਕੀ ਜੀ ਦਾ ਜਨਮ 1464 ਈ: ਨੂੰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਹੈ। ਪੰਜਾਬ ਦੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਹੈ ਕਿ ਪਹਿਲੇ ਜਣੇਪੇ ਸਮੇਂ ਲੜਕੀ ਆਪਣੇ ਪੇਕੇ ਚਲੀ ਜਾਂਦੀ ਹੈ। ਇਸ ਲਈ ਮਾਤਾ ਤ੍ਰਿਪਤਾ ਜੀ ਆਪਣੇ ਪਹਿਲੇ ਜਣੇਪੇ ‘ਚ ਆਪਣੇ ਪੇਕੇ ਚਲੇ ਗਏ ਸਨ। ਬੇਬੇ ਨਾਨਕੀ ਜੀ ਦਾ ਜਨਮ ਨਾਨਕੇ ਪਰਿਵਾਰ ਵਿੱਚ ਹੋਣ ਕਰਕੇ ਉਨ੍ਹਾਂ ਦਾ ਨਾਂ ਨਾਨਕੀ ਰੱਖਿਆ ਗਿਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਬੇਬੇ ਨਾਨਕੀ ਜੀ ਦੀ ਉਮਰ ਲਗਭਗ ਪੰਜ ਸਾਲ ਸੀ। ਬੇਬੇ ਨਾਨਕੀ ਜੀ ਆਮ ਕੁੜੀਆਂ ਵਰਗੇ ਨਹੀਂ ਸਨ। ਉਹ ਬੜੇ ਗੰਭੀਰ ਸੁਭਾਅ ਦੇ ਸੀ। ਬੇਬੇ ਨਾਨਕੀ ਜੀ ਆਪਣੇ ਵੀਰ ਦੇ ਬਚਪਨ ਦੇ ਕੌਤਕ ਵੇਖ ਕੇ ਨਿਹਾਲ ਹੁੰਦੇ ਰਹਿੰਦੇ। ਉਹ ‘ਨਾਨਕ-ਵੀਰ’ ਅਤੇ ‘ਨਾਨਕ-ਗੁਰੂ’ ਨੂੰ ਦਿਲ ਦੀਆਂ ਡੂੰਘਾਈਆਂ ਤੋਂ ਵੇਖ ਕੇ ਬਲਿਹਾਰ ਹੁੰਦੇ ਰਹਿੰਦੇ ਸਨ।

ਬੇਬੇ ਨਾਨਕੀ ਜੀ ਆਪਣੇ ਨੂਰੀ ਮੁਖੜੇ ਵਾਲੇ ਵੀਰ ਨੂੰ ਲਾਡ ਲਡਾਉਂਦੇ,ਕੁੱਛੜ ਚੁੱਕ ਕੇ ਖਿਡਾਉਂਦੇ ਰਹਿੰਦੇ,ਆਂਢ-ਗੁਆਂਢ ਵਿੱਚ ਲੈ ਕੇ ਜਾਂਦੇ। ਉਹ ਆਪਣੇ ਵੀਰ ਦੇ ਸ਼ਗਨ ਕਰਦੇ ਹੀ ਨਾ ਥੱਕਦੇ। ਬੇਬੇ ਨਾਨਕੀ ਜੀ ਦਾ ਵਿਆਹ ਖਾਨਪੁਰ ਦੇ ਰਹਿਣ ਵਾਲੇ ਭਾਈ ਜੈ ਸਿੰਘ ਨਾਲ ਹੋਇਆ। ਵਿਆਹ ਸਮੇਂ ਬੇਬੇ ਨਾਨਕੀ ਜੀ ਦੀ ਉਮਰ 11 ਸਾਲ ਦੀ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਰਾਇ ਬੁਲਾਰ ਨੇ ਗੁਰੂ ਜੀ ਨੂੰ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਇਆ ਤੇ ਗੁਰੂ ਜੀ ਨੇ ਇੱਥੇ ਰਹਿ ਕੇ ਹੀ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬ-ਸਾਂਝੀ ਮਨੁੱਖਤਾ ਦਾ ਉਧਾਰ ਕਰਨ ਲਈ ਕਲਜੁਗ ਵਿੱਚ ਆਏ ਸਨ। ਗੁਰੂ ਜੀ ਦੇ ਮਾਤਾ-ਪਿਤਾ ਉਨ੍ਹਾਂ ਨੂੰ ਆਪਣਾ ਪੁੱਤਰ ਹੀ ਸਮਝਦੇ ਸਨ,ਗੁਰੂ ਜੀ ਦੇ ਸੱਸ-ਸਹੁਰਾ ਉਨ੍ਹਾਂ ਨੂੰ ਦੁਨਿਆਵੀਂ ਪੱਖੋਂ ਆਪਣਾ ਜਵਾਈ ਹੀ ਸਮਝਦੇ ਸਨ ਪਰ ਭੈਣ ਨਾਨਕੀ ਤੇ ਜੀਜਾ ਜੈ ਰਾਮ ਨੇ ਹੀ ਉਨ੍ਹਾਂ ਦੇ ਅਸਲ ਸਰੂਪ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ ਸੀ।

Exit mobile version