‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਸੈਦਪੁਰ ਪਹੁੰਚੇ ਸਨ। ਉਨ੍ਹਾਂ ਦਿਨਾਂ ਵਿੱਚ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਮੀਰ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕਰ ਦਿੱਤਾ ਸੀ। ਗੁਰੂ ਜੀ ਨੇ ਅਫਗਾਨਿਸਤਾਨ ਵਿੱਚ ਵਿਚਰਨ ਸਮੇਂ ਇਹ ਅਨੁਮਾਨ ਲਗਾ ਲਿਆ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਫੌਜੀ ਰਫ਼ਤਾਰ–ਢੰਗ ਤੇਜ਼ ਹੋ ਚੁੱਕੀ ਹੈ। ਲੜਾਈ ਦੇ ਬੁਰੇ ਨਤੀਜੀਆਂ ਤੋਂ ਸੈਦਪੁਰ ਦੀ ਜਨਤਾ ਨੂੰ ਸਮਾਂ ਰਹਿੰਦੇ ਸਾਵਧਾਨ ਕਰਨ ਲਈ ਆਪ ਆਪਣੇ ਪਿਆਰੇ ਮਿੱਤਰ ਭਾਈ ਲਾਲੋ ਜੀ ਦੇ ਘਰ ਆ ਕੇ ਠਹਿਰੇ। ਇੰਨੇ ਸਮੇਂ ਤੱਕ ਬਾਬਰ ਫਤਹਿ ਦੇ ਨਾਅਰੇ ਲਗਾਉਂਦਾ ਹੋਇਆ ਸੈਦਪੁਰ ਉੱਤੇ ਹਮਲਾ ਕਰਨ ਆ ਗਿਆ।
ਸੈਦਪੁਰ ਵਿੱਚ ਬਾਬਰ ਨੇ ਬਹੁਤ ਕਹਿਰ ਢਾਇਆ, ਲੋਕਾਂ ਨੂੰ ਮਾਰਿਆ, ਲੁੱਟਿਆ। ਸੈਦਪੁਰ ਦਾ ਕਤਲੇਆਮ ਮਨ ਨੂੰ ਕੰਬਾ ਦੇਣ ਵਾਲਾ ਸੀ। ਜਦੋਂ ਬਾਬਰ ਨੇ ਏਮਨਾਬਾਦ ਦੇ ਹੱਲੇ ਮਗਰੋਂ ਉੱਥੋਂ ਦੇ ਸਾਰੇ ਵਸਨੀਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਗੁਰੂ ਜੀ, ਭਾਈ ਮਰਦਾਨਾ ਜੀ ਤੇ ਭਾਈ ਲਾਲੋ ਜੀ ਬੰਦੀਖਾਨੇ ਵਿੱਚ ਵੀ ਵਾਹਿਗੁਰੂ ਦੀ ਉਸਤਤ ਗਾਇਨ ਕਰ ਰਹੇ ਸਨ ਅਤੇ ਜਨਤਾ ਦੇ ਜ਼ਖ਼ਮਾਂ ਉੱਤੇ ਨਾਮ ਬਾਣੀ ਨਾਲ ਮਲ੍ਹਮ ਪੱਟੀ ਕਰ ਰਹੇ ਸਨ।
ਬਾਬਰ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਲੌਕਿਕ ਰਹੱਸਮਈ ਰੂਹਾਨੀਅਤ ਦਾ ਪਤਾ ਲੱਗਾ ਤਾਂ ਉਹ ਜੇਲ੍ਹ ਵਿੱਚ ਆਪ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ। ਉਸ ਸਮੇਂ ਗੁਰੂ ਜੀ ਨੇ ਬਾਬਰ ਨੂੰ ਕਿਹਾ ਕਿ ਤੁਸੀਂ ਬਾਬਰ ਨਹੀਂ ਜ਼ਾਬਰ ਹੋ। ਪਾਪੀਆਂ ਦੀ ਬਰਾਤ ਲੈ ਕੇ ਆਏ ਹੋ। ਤੁਸੀਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਵਾਈਆਂ ਹਨ ਅਤੇ ਔਰਤਾਂ ਦੇ ਸ਼ੀਲ ਭੰਗ ਕਰਵਾਏ ਹਨ। ਜੇਕਰ ਤੁਸੀਂ ਸ਼ਾਸਕਾਂ ਨੂੰ ਸਜ਼ਾ ਦਿੰਦੇ ਤਾਂ ਸਾਨੂੰ ਕੋਈ ਰੋਸ ਨਹੀਂ ਸੀ। ਇਸ ਕੌੜੇ ਸੱਚ ਨੂੰ ਸੁਣਕੇ ਬਾਬਰ ਦਾ ਸਿਰ ਸ਼ਰਮ ਨਾਲ ਝੁਕ ਗਿਆ।
ਬਾਬਰ ਗੁਰੂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਗੁਰੂ ਜੀ ਨੂੰ ਤੁਰੰਤ ਹੀ ਰਿਹਾਅ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਸਾਰੇ ਬੰਦੀਆਂ ਨੂੰ ਨਿਰਦੋਸ਼ ਹੋਣ ਦੇ ਕਾਰਨ ਰਿਹਾਅ ਕਰਨ ਲਈ ਕਿਹਾ। ਬਾਬਰ ਨੇ ਤੁਰੰਤ ਹੀ ਸੈਦਪੁਰ ਦੇ ਸਾਰੇ ਵਾਸੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਬਾਬਰ ਨੇ ਕਿਹਾ ਕਿ “ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਿੱਚੋਂ ਖੁਦਾ ਦੇ ਦੀਦਾਰ ਹੁੰਦੇ ਹਨ”।